Click here to visit Facebook Group on Bhai Kahan Singh Nabha by HVC Foundation                                                    Click here to visit Youtube Channel on Bhai Kahan Singh Nabha by HVC Foundation                                                    Click here to visit blog on Bhai Kahan Singh Nabha by HVC Foundation                                                    We are preparing Video Recording on Bhai Kahan Singh Nabha in English, Hindi and Urdu Languages                                                    Contact us at : info@hvcfoundation.com

ਪੰਜਾਬੀ ਦੇ ਪ੍ਰਸਿੱਧ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ

-ਰਵਿੰਦਰ ਕੌਰ 'ਰਵੀ'
ਲੈਕਚਰਾਰ, ਸੰਗੀਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ


ਸਿਆਣਿਆਂ ਦਾ ਕਥਨ ਹੈ ਕਿ ਕੋਈ ਵੀ ਅਨਮੋਲ ਵਸਤੂ ਵਿਦਿਆ ਦਾ ਮੁਕਾਬਲਾ ਨਹੀਂ ਕਰ ਸਕਦੀ। ਵਿਦਿਆ ਹੀ ਸਮਾਜ ਨੂੰ ਸੱਭਿਅਕ ਬਣਾਉਂਦੀ ਹੈ ਅਤੇ ਮਨੁੱਖ ਨੂੰ ਜਿਊਣ ਦਾ ਮਨੋਰਥ ਦੱਸਦੀ ਹੈ। ਵਿਦਿਆ ਇੱਕ ਅਜਿਹੀ ਸੂਖਮ ਕਲਾ ਹੈ, ਜਿਸ ਦੀ ਪਕੜ ਵਿਚ ਮਾਨਵੀ ਭਾਈਚਾਰੇ ਦੇ ਸਾਰੇ ਪਹਿਲੂ ਗਿਆਨ, ਆਦਰਸ਼ ਤੇ ਆਨੰਦ ਆ ਜਾਂਦੇ ਹਨ। ਇਸ ਸਬੰਧੀ ਕੋਈ ਦੋ ਰਾਏ ਨਹੀਂ ਹੋ ਸਕਦੀਆਂ ਕਿ ਭਾਈ ਕਾਨ੍ਹ ਸਿੰਘ ਨਾਭਾ, ਪੰਜਾਬ ਨਾਲ ਸੰਬੰਧਿਤ ਵੀਹਵੀਂ ਸਦੀ ਦੇ ਕੁਝ ਚੋਣਵੇਂ ਲੇਖਕਾਂ ਵਿਚੋਂ ਇਕ ਹਨ। ਉਨ੍ਹਾਂ ਨੇ ਆਪਣੇ ਬਚਪਨ ਤੋਂ ਲੈ ਕੇ ਬਿਰਧ ਅਵਸਥਾ ਤੱਕ ਵਿਦਿਅਕ ਯੋਗਤਾ ਵਧਾਉਣ ਦੇ ਮੰਤਵ ਨੂੰ ਹਮੇਸ਼ਾਂ ਸਾਹਮਣੇ ਰੱਖਿਆ। ਉਨ੍ਹਾਂ ਦੀ ਸਾਹਿਤਕ ਦਿਲਚਸਪੀ ਦਾ ਘੇਰਾ ਅਤਿ ਵਿਸ਼ਾਲ ਸੀ, ਜਿਸ ਵਿਚ ਧਰਮ, ਖੰਡਨ-ਮੰਡਨ, ਇਤਿਹਾਸ, ਟੀਕਾਕਾਰੀ, ਕੋਸ਼ਕਾਰੀ ਅਤੇ ਰਾਜਨੀਤੀ ਆਦਿਕ ਅਨੇਕ ਵਿਸ਼ੇ ਸ਼ਾਮਲ ਸਨ। ਪੰਜਾਬ ਸਿੱਖ ਧਰਮ, ਪੰਜਾਬੀ ਭਾਸ਼ਾ ਤੇ ਪੰਜਾਬੀ ਅਦਬ ਨੂੰ ਭਾਈ ਸਾਹਿਬ ਦਾ ਯੋਗਦਾਨ ਬਹੁ-ਪੱਖੀ ਵੀ ਹੈ ਤੇ ਹਰ ਪੱਖੋਂ ਸਾਰਥਕ ਵੀ ਹੈ। ਭਾਈ ਸਾਹਿਬ ਦਾ ਯੋਗਦਾਨ ਗਿਣਨਾਂਤਮਕ ਤੇ ਗੁਣਨਾਤਮਕ ਪੱਖੋਂ ਇੰਨਾ ਵਿਸ਼ਾਲ ਹੈ ਕਿ ਉਨ੍ਹਾਂ ਉਪਰ ਇਕ ਨਹੀਂ ਕਈ ਪੁਸਤਕਾਂ, ਕਈ ਭਾਗਾਂ ਵਿਚ ਤਿਆਰ ਕਰਨ ਦੀ ਜ਼ਰੂਰਤ ਹੈ, ਪਰ ਫਿਰ ਵੀ ਮੈਂ ਕੋਸ਼ਿਸ਼ ਕੀਤੀ ਹੈ ਕਿ ਸੰਕੇਤ ਮਾਤਰ ਭਾਈ ਸਾਹਿਬ ਦੇ ਯੋਗਦਾਨ ਨੂੰ ਪੰਜਾਬੀ ਪ੍ਰੇਮੀਆਂ ਦੇ ਸਾਹਮਣੇ ਲਿਆਂਦਾ ਜਾਵੇ।

ਸਾਹਿਤਕਾਰ, ਚਿੰਤਕ ਤੇ ਕਲਾਕਾਰ ਆਪਣੇ ਸਮੇਂ ਨਾਲੋਂ ਬਹੁਤ ਅੱਗੇ ਰਹਿੰਦਾ ਹੈ। ਉਸ ਦਾ ਅਨੁਭਵ ਉਸ ਨੂੰ ਯੁੱਗ ਦ੍ਰਿਸ਼ਟਾ ਬਣਾ ਦਿੰਦਾ ਹੈ ਅਤੇ ਉਹ ਆਪਣੇ ਅਨੁਭਵ ਨੂੰ ਪਾਠਕਾਂ ਤੱਕ ਪਹੁੰਚਾ ਕੇ ਆਪਣੇ ਮੰਤਵ ਦੀ ਪੂਰਤੀ ਲਈ ਸਫਲ ਅਭਿਵਿਅੰਜਨਾ ਕਰਦਾ ਹੈ। ਵੀਹਵੀਂ ਸਦੀ ਦੇ ਇਸ ਯੁੱਗ ਪੁਰਸ਼ ਦਾ ਸਨਮਾਨ ਕਰਨਾ ਸਾਡੇ ਸਾਰਿਆਂ ਦਾ ਨੈਤਿਕ ਫ਼ਰਜ਼ ਬਣਦਾ ਹੈ।

ਜੀਵਨ ਤੇ ਰਚਨਾ ਇੱਕ ਦੂਜੇ ਤੋਂ ਨਿਖੇੜੇ ਨਹੀਂ ਜਾ ਸਕਦੇ। ਸਾਹਿਤ ਦਾ ਸੋਮਾ ਹੈ ਹੀ ਮਨੁੱਖੀ ਜੀਵਨ। ਮਨੁੱਖ ਆਪਣੇ ਸਮਾਜ, ਆਪਣੇ ਆਲੇ-ਦੁਆਲੇ ਅਤੇ ਆਪਣੇ ਸਮੇਂ ਜਾਂ ਆਪਣੇ ਪੂਰਬਲਿਆਂ ਦੇ ਪ੍ਰਭਾਵ ਤੋਂ ਅਭਿੱਜ ਨਹੀਂ ਰਹਿ ਸਕਦਾ। ਇਸ ਲਈ ਕਿਸੇ ਵੀ ਲੇਖਕ ਦੀ ਲਿਖਤ ਬਾਰੇ ਨਿਰਣਾ ਕਰਨ ਲੱਗਿਆਂ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਉਸ ਲੇਖਕ ਦਾ ਜੀਵਨ-ਕਾਲ ਕਿਹੜਾ ਹੈ ਅਤੇ ਉਸ ਕਾਲ ਦੀਆਂ ਸਮਾਜਿਕ, ਰਾਜਨੀਤਕ, ਆਰਥਿਕ, ਧਾਰਮਿਕ ਤੇ ਸਾਹਿਤਕ ਕੀਮਤਾਂ ਕਿਹੋ ਜਿਹੀਆਂ ਹਨ।

ਭਾਈ ਕਾਨ੍ਹ ਸਿੰਘ ਨਾਭਾ ਦੀ ਖਾਨਦਾਨੀ ਪਰੰਪਰਾ ਮਹਾਰਾਜਾ ਰਣਜੀਤ ਸਿੰਘ ਦੇ ਮੁਸਾਹਿਬ ਬਾਬਾ ਨੋਧ ਸਿੰਘ ਜੀ ਨਾਲ ਜਾ ਮਿਲਦੀ ਹੈ, ਜਿਹੜੇ ਕਿ ਜਾਤ ਦੇ ਢਿਲੋਂ ਜੱਟ ਤੇ ਪੰਜਾਬ ਵਿਚ ਜਿਲ੍ਹਾ ਬਠਿੰਡਾ ਦੇ ਪਿੰਡ ਪਿੱਥੋਂ ਦੇ ਚੌਧਰੀ (ਪ੍ਰਮੁੱਖ) ਸਨ। ਆਪ ਘਰੋਗੀ ਕਾਰਨਾਂ ਕਰਕੇ ਮਹਾਰਾਜਾ ਰਣਜੀਤ ਸਿੰਘ ਦੀ ਨੌਕਰੀ ਛੱਡ ਪਿੰਡ ਆ ਟਿਕੇ ਸਨ। ਉਨ੍ਹਾਂ ਦੇ ਸਪੁੱਤਰ ਬਾਬਾ ਸਰੂਪ ਸਿੰਘ (1783 ਤੋਂ 1861 ਈ:) ਤੋਂ ਅੱਗੇ ਉਨ੍ਹਾਂ ਦੇ ਪੁੱਤਰ ਗੁਰਦਿਆਲ ਸਿੰਘ (1808-1846) ਤੇ ਫੇਰ ਉਨ੍ਹਾਂ ਦੇ ਪੁੱਤਰ ਬਾਬਾ ਨਾਰਾਯਣ ਸਿੰਘ (1841 ਤੋਂ 1916 ਈ.) ਹੋਏ, ਜੋ ਭਾਈ ਕਾਨ੍ਹ ਸਿੰਘ ਨਾਭਾ ਦੇ ਪਿਤਾ ਸਨ, ਜਿਨ੍ਹਾਂ ਦੀ ਰਿਆਸਤ ਨਾਭਾ ਦੇ ਸ਼ਾਹੀ ਖ਼ਾਨਦਾਨ ਵਿਚ ਬੜੀ ਹੀ ਮਾਨ ਪ੍ਰਤਿਸ਼ਠਤਾ ਸੀ। ਭਾਈ ਕਾਨ੍ਹ ਸਿੰਘ ਨਾਭਾ ਦਾ ਜਨਮ 30 ਅਗਸਤ 1861 ਈ. ਨੂੰ ਉਨ੍ਹਾਂ ਦੇ ਨਾਨਕੇ ਘਰ ਨਾਭੇ ਦੇ ਨਜ਼ਦੀਕ, ਪਿੰਡ ਸਬਜ-ਬਨੇਰੇ, ਮਾਤਾ ਹਰਿ ਕੋਰ ਦੀ ਕੁੱਖੋਂ ਰਿਆਸਤ ਪਟਿਆਲਾ ਵਿਖੇ ਹੋਇਆ। ਆਪ ਜੀ ਦੀ ਇੱਕ ਭੈਣ ਬੀਬੀ ਕਾਨ੍ਹ ਕੌਰ ਸੰਨ 1867 ਵਿਚ ਪੈਦਾ ਹੋਈ, ਜੋ ਛੋਟੀ ਉਮਰ ਵਿਚ ਹੀ ਗੁਜ਼ਰ ਗਈ। ਦੋ ਛੋਟੇ ਭਰਾ ਮੀਹਾਂ ਸਿੰਘ 1870 ਈ. ਅਤੇ ਭਾਈ ਬਿਸ਼ਨ ਸਿੰਘ 1873 ਈ. ਵਿੱਚ ਪੈਦਾ ਹੋਏ, ਜਿਨ੍ਹਾਂ ਦਾ ਵੰਸ਼ ਹੁਣ ਅੱਗੇ ਚਲਦਾ ਹੈ।

ਆਪ ਦੇ ਪਿਤਾ ਬਾਬਾ ਨਾਰਾਯਣ ਸਿੰਘ ਤੇ ਵਡੇਰੇ ਬਾਬਾ ਸਰੂਪ ਸਿੰਘ, ਨਾਭੇ ਵਿਚ ਪ੍ਰਸਿੱਧ ਗੁਰਦੁਆਰੇ, ਬਾਬਾ ਅਜਾਪਾਲ ਸਿੰਘ ਜੀ ਦੇ ਤਪ ਅਸਥਾਨ ਦੇ ਪ੍ਰਮੁੱਖ ਸੇਵਾਦਾਰ ਰਹੇ। ਮਹਾਂਪੁਰਖ ਬਾਬਾ ਅਜਾਪਾਲ ਸਿੰਘ ਮਹਾਂਪ੍ਰਤਾਪੀ ਸ਼ਸਤਰ-ਵਿਦਿਆ ਦੇ ਆਚਾਰੀਆ, ਤਪ ਦੀ ਮੂਰਤੀ ਹੋਏ ਹਨ। ਬਾਬਾ ਜੀ ਨੇ ਸੰਨ 1830 ਈ. ਵਿੱਚ ਨਾਭੇ ਕੋਲ ਇੱਕ ਝਿੜੀ ਵਿਚ ਨਿਵਾਸ ਕੀਤਾ, ਜਿਥੇ ਉਹ ਪ੍ਰਲੋਕ ਗਮਨ ਤੀਕ ਰਹੇ। ਇਥੇ ਰਹਿ ਕੇ ਉਨ੍ਹਾਂ ਨੇ ਸਿੱਖ ਧਰਮ ਅਤੇ ਸ਼ਸਤਰ-ਵਿਦਿਆ ਦਾ ਪ੍ਰਚਾਰ ਕੀਤਾ ਅਤੇ ਉਨ੍ਹਾਂ ਤੋਂ ਬਾਅਦ ਭਾਈ ਕਾਨ੍ਹ ਸਿੰਘ ਨਾਭਾ ਦੇ ਬਜ਼ੁਰਗਾਂ ਨੇ ਇਸੇ ਅਸਥਾਨ ਨੂੰ ਗੁਰਮਤਿ ਪ੍ਰਚਾਰ ਦਾ ਪ੍ਰਧਾਨ ਕੇਂਦਰ ਬਣਾਇਆ। ਭਾਈ ਸਾਹਿਬ ਦੇ ਪਿਤਾ ਬਾਬਾ ਨਾਰਾਯਣ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਪਾਠ ਕੰਠ ਸੀ, ਤਿੰਨ ਵਾਰ ਆਪ ਨੇ ਸੁਣਾਇਆ। ਤਿੰਨ ਵਾਰ ਇਕ ਪਾਠ ਮਹਾਰਾਜਾ ਹੀਰਾ ਸਿੰਘ (ਨਾਭਾ ਰਿਆਸਤ) ਨੇ ਪ੍ਰੇਮ ਭਾਵ ਨਾਲ ਸੁਣਿਆ। ਪਾਠ ਦੇ ਭੋਗ ਉਪਰੰਤ ਜਦੋਂ ਬਾਬਾ ਜੀ ਪਾਲਕੀ ਵਿਚ ਬੈਠ ਕੇ ਜਾਣ ਲੱਗੇ, ਤਾਂ ਮਹਾਰਾਜਾ ਹੀਰਾ ਸਿੰਘ ਨੇ ਪਾਲਕੀ ਦੇ ਇਕ ਕਹਾਰ ਨੂੰ ਹਟਾ ਕੇ ਆਪਣੇ ਮੋਢੇ ਉਤੇ ਪਾਲਕੀ ਉਠਾਈ, ਜਿਸ ਤੋਂ ਮਹਾਰਾਜੇ ਦੇ ਦਿਲ ਵਿਚ ਬਾਬਾ ਜੀ ਲਈ ਅਥਾਹ ਸ਼ਰਧਾ ਦਾ ਪਤਾ ਲਗਦਾ ਹੈ।

ਵਿਦਿਆ ਦੇ ਆਚਾਰੀਆ, ਨਾਮ ਦੇ ਰਸੀਏ ਅਤੇ ਤਪ ਦੀ ਮੂਰਤੀ ਬਾਬਾ ਨਾਰਾਯਣ ਸਿੰਘ ਜੀ ਨੇ ਆਪਣੇ ਪੁੱਤਰ ਕਾਨ੍ਹ ਸਿੰਘ ਨੂੰ ਚਾਰ ਸਾਲਾਂ ਦੀਛੋਟੀ ਉਮਰ ਵਿਚ ਹੀ ਪਿੰਡੋਂ ਆਪਣੇ ਪਾਸ ਬੁਲਾ ਕੇ ਗੁਰਮਤਿ ਦੀ ਸਿੱਖਿਆ ਆਰੰਭ ਕੀਤੀ ਅਤੇ ਕਠਿਨ ਜੀਵਨ ਜਾਂਚ ਦੇ ਸੰਕਲਪ ਦਾ ਧਾਰਨੀ ਬਣਾਇਆ। ਭਾਈ ਭੂਪ ਸਿੰਘ, ਭਾਈ ਭਗਵਾਨ ਸਿੰਘ ਦੁੱਗ, ਜਹਾਵਰ ਸਿੰਘ, ਬਾਵਾ ਕਲਿਆਣ ਦਾਸ, ਰਾਮ ਸਿੰਘ, ਭਾਈ ਵੀਰ ਸਿੰਘ ਜਲਾਲ ਕੇ, ਬਾਬਾ ਪਰਮਾਨੰਦ, ਪੰਡਿਤ ਸ੍ਰੀਧਰ ਤੇ ਪੰਡਿਤ ਬੰਸੀਧਰ ਵਰਗੇ ਆਪਣੇ ਸਮੇਂ ਦੇ ਪ੍ਰਸਿੱਧ ਦੇਸੀ ਵਿਦਾਵਨਾਂ ਪਾਸੋਂ ਸੰਸਕ੍ਰਿਤ, ਗੁਰਮਤਿ, ਕਾਵਿ, ਇਤਿਹਾਸ, ਨਿਆਏ ਤੇ ਵੇਦਾਂਤ ਦੀ ਉਚੇਰੀ ਸਿੱਖਿਆ ਗ੍ਰਹਿਣ ਕੀਤੀ ਅਤੇ ਨਾਭੇ ਦੇ ਪ੍ਰਸਿੱਧ ਸੰਗੀਤਾਚਾਰੀਆ ਮਹੰਤ ਗੱਜਾ ਸਿੰਘ ਪਾਸੋਂ ਸੰਗੀਤ ਦੀ ਸਿੱਖਿਆ ਗ੍ਰਹਿਣ ਕੀਤੀ। ਇੰਨੀ ਵਿਦਿਆ ਅਤੇ ਗਿਆਨ ਗ੍ਰਹਿਣ ਕਰਨ ਤੇ ਵੀ ਭਾਈ ਸਾਹਿਬ ਸੰਤੁਸ਼ਟ ਨਾ ਹੋਏ। ਉਹ ਜਾਣਦੇ ਸਨ ਕਿ ਭਾਰਤੀ ਸੰਸਕ੍ਰਿਤੀ, ਸਮਕਾਲੀ ਵਿਸ਼ਵ ਸਾਹਿਤ, ਗੁਰਬਾਣੀ ਅਤੇ ਸਿੱਖ ਧਰਮ ਦੇ ਗ੍ਰੰਥਾਂ ਨੂੰ ਸਮਝਣ ਲਈ ਫ਼ਾਰਸੀ ਅਤੇ ਅੰਗਰੇਜ਼ੀ ਭਾਸ਼ਾ ਦਾ ਗਿਆਨ ਹਾਸਲ ਕਰਨਾ ਵੀ ਜ਼ਰੂਰੀ ਹੈ। ਇਸ ਲੋੜ ਦੀ ਪੂਰਤੀ ਲਈ ਜਦੋਂ ਭਾਈ ਭਗਵਾਨ ਸਿੰਘ ਦੁੱਗ ਪਾਸੋਂ ਫ਼ਾਰਸੀ ਦੀ ਪੜ੍ਹਾਈ ਸ਼ੁਰੂ ਕੀਤੀ ਤਾਂ ਕੁਝ ਪਿਛਾਂਹ-ਖਿੱਚੂ ਸਿੱਖਾਂ ਨੇ ਬਾਬਾ ਨਾਰਾਯਣ ਸਿੰਘ ਪਾਸ ਇਸ ਦਾ ਵਿਰੋਧ ਕੀਤਾ, ਕਿਉਂਜੋ ਕੁਝ ਕੱਟੜ ਸਿੱਖ ਉਨ੍ਹਾਂ ਦਿਨਾਂ ਵਿਚ ਫ਼ਾਰਸੀ ਪੜ੍ਹਨਾ ਗੁਨਾਹ ਸਮਝਦੇ ਸਨ, ਜਿਸ ਕਰਕੇ ਮਜ਼ਬੂਰੀ ਵੱਸ ਬਾਬਾ ਨਾਰਾਯਣ ਸਿੰਘ ਨੇ ਭਾਈ ਸਾਹਿਬ ਨੂੰ ਫ਼ਾਰਸੀ ਪੜ੍ਹਨੋਂ ਰੋਕ ਦਿੱਤਾ। ਆਪਣੇ ਮਨ ਵਿਚਲੀ ਸਰਬਪੱਖੀ ਵਿਦਿਆ ਪ੍ਰਾਪਤ ਕਰਨ ਦੀ ਪ ਇੱਛਾ ਨੂੰ ਭਾਈ ਸਾਹਿਬ ਜ਼ਿਆਦਾ ਦੇਰ ਤੱਕ ਨਾ ਦਬਾ ਸਕੇ ਅਤੇ ਇਕ ਦਿਨ ਚੁੱਪ-ਚੁਪੀਤੇ ਘਰੋਂ ਦੌੜ ਕੇ ਦਿੱਲੀ ਜਾ ਪਹੁੰਚੇ। ਦਿੱਲੀ ਤੇ ਲਖਨਊ ਦੇ ਵਿਦਵਾਨਾਂ ਪਾਸੋਂ ਅਰਬੀ, ਫ਼ਾਰਸੀ ਅਤੇ ਓਰੀਐਂਟਲ ਕਾਲਜ ਲਾਹੌਰ ਦੇ ਪ੍ਰੋਫੈਸਰ ਗੁਰਮੁਖ ਸਿੰਘ ਪਾਸੋਂ ਅੰਗਰੇਜ਼ੀ ਦੀ ਸਿੱਖਿਆ ਗ੍ਰਹਿਣ ਕਰਕੇ ਸ਼ਬਦਾਂ ਦੀ ਰੂਹ ਤੱਕ ਪਹੁੰਚਣ ਵਾਲੇ ਅੱਛੇ ਕਲਾਕਾਰ ਬਣ ਕੇ ਧਰਮ ਪ੍ਰਚਾਰ ਲਈ ਸਰਗਰਮ ਹੋਏ।

ਤਕਰੀਬਨ 22-23 ਸਾਲ ਦੀ ਉਮਰ ਵਿਚ ਆਪਣੇ ਖੋਜੀ ਸੁਭਾਅ ਨਾਲ ਵਿਸ਼ਵ ਸਾਹਿਤ ਅਤੇ ਦੂਜੇ ਧਰਮਾਂ ਬਾਰੇ ਅਥਾਹ ਜਾਣਕਾਰੀ ਕਰਨ ਤੋਂ ਬਾਅਦ ਭਾਈ ਸਾਹਿਬ ਜਦ ਲਾਹੌਰ ਤੋਂ ਵਾਪਸ ਆਏ ਤਾਂ ਬਾਬਾ ਨਾਰਾਯਣ ਸਿੰਘ ਆਪ ਨੂੰ ਸਰਬਪੱਖੀ ਵਿਦਿਆ ਵਿੱਚ ਨਿਪੁੰਨ ਵੇਖ ਕੇ ਬਹੁਤ ਪ੍ਰਸੰਨ ਹੋਏ। ਮਾਤਾ-ਪਿਤਾ ਦੇ ਦਿਲ ਵਿਚ ਹੁਣ ਆਪਣੇ ਭਰ-ਜੁਆਨ ਪੁੱਤਰ ਦੇ ਵਿਆਹ ਦਾ ਖ਼ਿਆਲ ਪੈਦਾ ਹੋਇਆ। ਆਪ ਦਾ ਪਹਿਲਾ ਵਿਆਹ ਧੂਰੇ ਪਿੰਡ, ਰਿਆਸਤ ਪਟਿਆਲਾ ਦੇ ਇਕ ਸਰਦੇ-ਪੁੱਜਦੇ ਘਰ ਦੀ ਲੜਕੀ ਨਾਲ ਹੋਇਆ, ਜਿਸ ਦੀ ਜਲਦੀ ਹੀ ਮੌਤ ਹੋ ਗਈ, ਉਪਰੰਤ ਦੂਜਾ ਵਿਆਹ ਮੁਕਤਸਰ ਹੋਇਆ, ਸੰਯੋਗਵੱਸ ਉਹ ਪਤਨੀ ਵੀ ਇਕ ਵਰ੍ਹੇ ਤੋਂ ਵੱਧ ਜਿਉਂਦੀ ਨਾ ਰਹਿ ਸਕੀ। ਇਸੇ ਸਮੇਂ ਭਾਈ ਸਾਹਿਬ ਦੇ ਮਾਤਾ ਜੀ ਵੀ ਤਪਦਿਕ ਦੀ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ।

ਤੀਜਾ ਵਿਆਹ ਪਿੰਡ ਰਾਮਗੜ੍ਹ, ਰਿਆਸਤ ਪਟਿਆਲਾ ਦੇ ਸਰਦਾਰ ਹਰਦਮ ਸਿੰਘ ਦੀ ਧੀ ਬੀਬੀ ਬਸੰਤ ਕੌਰ ਨਾਲ ਹੋਇਆ, ਜਿਸ ਦੇ ਆਉਣ ਨਾਲ ਭਾਈ ਸਾਹਿਬ ਦੇ ਘਰ ਦਾ ਸਾਰਾ ਵਾਤਾਵਰਣ ਹੀ ਬਸੰਤ ਵਾਂਗ ਖਿੜ ਉਠਿਆ। ਉਨ੍ਹਾਂ ਦੀ ਕੁੱਖੋਂ ਭਾਈ ਸਾਹਿਬ ਦੇ ਇਕਲੌਤੇ ਪੁੱਤਰ ਭਗਵੰਤ ਸਿੰਘ ਹਰੀ ਜੀ ਦਾ ਜਨਮ 1891 ਈ. ਵਿੱਚ ਹੋਇਆ। ਹਰੀ ਜੀ ਵੀ ਆਪਣੇ ਪਿਤਾ ਵਾਂਗ ਸਾਹਿਤ ਰਚਨਾ ਦਾ ਸ਼ੌਕ ਰਖਦੇ ਸਨ। ਜਿਨ੍ਹਾਂ ਪੰਜਾਬੀ ਪੁਸਤਕਾਂ ਵਿਧੀ ਨਿਸੇਧ (1919 ਈ.) ਸ਼੍ਰੀਰਾਮ ਨੀਤੀ (1920 ਈ.) ਤੇ ‘ਦਸਮ ਗ੍ਰੰਥ ਬਾਣੀ ਬਿਉਰਾ ਤੇ ਦਸਮ ਗ੍ਰੰਥ ਤਤਕਰਾ’ ਲਿਖੀਆਂ। ਭਾਈ ਸਾਹਿਬ ਦੀ ਨੂੰਹ ਬੀਬੀ ਹਰਨਾਮ ਕੌਰ ਤੇ ਪੋਤ-ਨੂੰਹ ਡਾ. ਰਛਪਾਲ ਕੌਰ ਨੇ ਵੀ ਆਪਣੀਆਂ ਸੇਵਾਵਾਂ ਦੁਆਰਾ ਪੰਜਾਬੀ ਸਾਹਿਤ ਭੰਡਾਰ ਵਿਚ ਵਡਮੁੱਲਾ ਯੋਗਦਾਨ ਪਾਇਆ।

ਭਾਈ ਕਾਨ੍ਹ ਸਿੰਘ ਦੀ ਪੋਤੀ ਬੀਬੀ ਹਰਦਰਸ਼ਨ ਕੌਰ ਅਨੁਸਾਰ ਉਨ੍ਹਾਂ ਦਾ ਚਿਹਰਾ ਸੁਨੱਖਾ, ਰੰਗ ਗੋਰਾ, ਛਾਤੀ ਚੌੜੀ ਤੇ ਕੱਦ ਲੰਮਾ ਸੀ। ਚਿਹਰੇ ਤੇ ਹਰ ਸਮੇਂ ਮਿੱਠੀ ਮੁਸਕਾਨ, ਆਵਾਜ਼ ਧੀਮੀ ਤੇ ਸੁਰੀਲੀ ਤੇ ਸਮੇਂ ਦੇ ਪਾਬੰਦ ਸਨ।

ਜ਼ਿੰਦਗੀ ਦੇ ਹਰ ਕੰਮ ਲਈ ਸਮਾਂ ਨਿਸ਼ਚਿਤ ਅਤੇ ਆਪਣੀ ਵਰਤੋਂ ਦੀਆਂ ਵਸਤਾਂ ਲਈ ਸਥਾਨ ਨਿਸ਼ਚਿਤ ਸੀ। ਸੈਰ, ਬਾਗਬਾਨੀ, ਕਲਾਸੀਕਲ ਸੰਗੀਤ ਵੱਲ ਜ਼ਿਆਦਾ ਝੁਕਾਅ ਸੀ। ਉਨ੍ਹਾਂ ਨੂੰ ਖ਼ੁਦ ਸਿਤਾਰ ਵਜਾਉਣ ਦਾ ਬਹੁਤ ਸ਼ੌਕ ਸੀ। ਗਰੀਬਾਂ ਦੀ ਮਦਦ ਕਰਨ ਵਾਲੇ, ਛੋਟਿਆਂ ਦਾ ਸਨਮਾਨ ਕਰਨ ਵਾਲੇ ਸਵਦੇਸ਼ ਅਭਿਮਾਨ ਤੇ ਬੁਰਿਆਂ ਨਾਲ ਵੀ ਨੇਕੀ ਕਰਨਾ ਉਨ੍ਹਾਂ ਵਿਚ ਖ਼ਾਸ ਖ਼ੂਬੀ ਸੀ।ਠਾਠ-ਬਾਠ ਰਈਸਾਂ ਵਾਲਾ ਤੇ ਸੁਭਾਅ ਮਜ਼ਾਕੀਆ ਹਾਸਰਸੀ ਸੀ।

ਭਾਈ ਸਾਹਿਬ ਦੇ ਸ਼ਾਗਿਰਦ ਸ਼ਮਸ਼ੇਰ ਸਿੰਘ ਅਸ਼ੋਕ ਅਨੁਸਾਰ ਭਾਈ ਕਾਨ੍ਹ ਸਿੰਘ ਸੰਤ ਪੁਰਸ਼ਾਂ ਦੀ ਤਰ੍ਹਾਂ ਪ੍ਰਭੂ ਭਗਤੀ ਅਤੇ ਗੁਰਬਾਣੀ ਵਿਚ ਪੂਰਾ ਵਿਸ਼ਵਾਸ਼ ਰੱਖਦੇ ਸਨ। ਨਿਤਨੇਮ ਦੀਆਂ ਬਾਣੀਆਂ ਦੇ ਪਾਠ ਤੋਂ ਇਲਾਵਾ ਉਹ ਨਾਮ ਸਿਮਰਨ ਲਈ ਵੀ ਧਿਆਨ ਵਿਚ ਬੈਠਦੇ ਸਨ।

ਆਨਰੇਬਲ ਸਰ ਜੋਗਿੰਦਰ ਸਿੰਘ ਜੀ ਦੇ ਕਥਨ ਅਨੁਸਾਰ ਭਾਈ ਸਾਹਿਬ ਇਕ ਜਾਦੂ ਭਰੀ ਹਸਤੀ ਸਨ। ਉਨ੍ਹਾਂ ਦੀਆਂ ਅੱਖਾਂ ਵਿਚ ਇਕ ਖੁਸ਼ੀ ਚਮਕਦੀ ਸੀ। ਬੁੱਲ੍ਹਾਂ ਉਤੇ ਮਿੱਠੀ-ਮਿੱਠੀ ਮੁਸਕਰਾਹਟ ਹੁੰਦੀ ਸੀ, ਜਦ ਕਦੇ ਆਪ ਬੋਲਦੇ ਸਨ ਤਾਂ ਇਹੋ ਦਿਸਦਾ ਸੀ ਕਿ ਹਰ ਲਫ਼ਜ਼ ਬਹੁਤ ਧਿਆਨ ਨਾਲ ਸੋਚ ਕੇ ਮੂੰਹੋਂ ਕੱਢ ਰਹੇ ਹਨ ਅਤੇ ਸਾਰੀ ਗੱਲ ਕਿੰਨੇ ਠਰ੍ਹਮੇ ਨਾਲ ਕਹਿੰਦੇ ਸਨ।

ਗਿਆਨੀ ਲਾਲ ਸਿੰਘ ਸਾਬਕਾ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਅਨੁਸਾਰ ਭਾਈ ਕਾਨ੍ਹ ਸਿੰਘ ਸੁਹਜ ਕਲਾ, ਸ਼ਾਸਤਰ ਕਲਾ, ਸ਼ਸਤਰ ਕਲਾ, ਸ਼ਿਲਪ ਕਲਾ ਤੇ ਸਮਾਜ ਕਲਿਆਣ ਕਲਾ ਵਿਚ ਪ੍ਰਬੀਨ ਸਨ। ਜਿਸ-ਜਿਸ ਕਲਾ ਨੂੰ ਉਨ੍ਹਾਂ ਨੇ ਹੱਥ ਲਾਇਆ ਉਹ ਕੌਸ਼ਲ ਹੋ ਗਈ, ਉਹ ਪੂਰੀ ਸਜ-ਧਜ ਨਾਲ 77 ਸਾਲ ਇਸ ਧਰਤੀ ਉਤੇ ਵਿਚਰੇ, ਇਸ ਸਮੇਂ ਦੌਰਾਨ ਉਨ੍ਹਾਂ ਨੇ ਪੰਜਾਬ ਰੁਸ਼ਨਾਇਆ ਤੇ ਲੋਕ ਜੀਵਨ ਨੂੰ ਹੁਲਸਾਇਆ। ਉਨ੍ਹਾਂ ਦੀ ਜੀਵਨ ਘਾਲ ਲੋਕ ਸੁਖੀ ਅਤੇ ਪ੍ਰਲੋਕ ਸੁਹੇਲਾ ਬਣਾਉਣ ਵਾਲੀ ਸੀ।

ਗਿਆਨੀ ਹੀਰਾ ਸਿੰਘ ਦਰਦ ਅਨੁਸਾਰ ਭਾਈ ਸਾਹਿਬ ਡਾਢੇ ਹੀ ਦਰਸ਼ਨੀ ਤੇ ਦੀਦਾਰੀ ਸਿੱਖ ਸਨ। ਆਪ ਦਾ ਸੁਭਾਅ ਬੜਾ ਹੀ ਮਿੱਠਾ ਤੇ ਹਸਮੁੱਖ ਸੀ, ਗੁੱਸਾ ਜਾਂ ਉਦਾਸੀ ਆਪ ਦੇ ਨੇੜੇ ਨਹੀਂ ਸੀ ਆਉਂਦੀ। ਆਪਣੇ ਵਿਰੋਧੀ ਨੂੰ ਵੀ ਬੜੇ ਪ੍ਰੇਮ ਨਾਲ ਮਿਲਦੇ ਤੇ ਆਦਰ ਨਾਲ ਬਚਨ ਬਿਲਾਸ ਕਰਦੇ।

ਭਾਈ ਸਾਹਿਬ ਦੇ ਚਰਨਾਂ ਵਿਚ ਕੁਝ ਸਮਾਂ ਬਿਤਾਉਣ ਵਾਲੇ ਉਨ੍ਹਾਂ ਦੇ ਸ਼ਿਸ਼ ਡਾ. ਦੇਵਿੰਦਰ ਸਿੰਘ ਵਿਦਿਆਰਥੀ ਅਨੁਸਾਰ, ਭਾਈ ਸਾਹਿਬ ਆਪਣੇ ਵਿਚਾਰ ਠੋਕ-ਵਜਾ ਕੇ ਪਰ ਦਲੀਲ ਨਾਲ ਪ੍ਰਗਟਾਉਂਦੇ ਸਨ। ਹਠਵਾਦ, ਧੌਂਸ ਜਾਂ ਗੁੱਸੇ ਨਾਲ ਨਹੀਂ, ਵਿਰੋਧ ਵਾਲੇ ਮਸਲਿਆਂ ਉਤੇ ਗੱਲ ਕਰਦੇ ਸਮੇਂ ਉਨ੍ਹਾਂ ਦੇ ਸ਼ਬਦਾਂ ਵਿਚ ਲੋਕ ਨਿੰਮ੍ਰਤਾ, ਵਿਸ਼ਵਾਸਾਂ ਦੀ ਦ੍ਰਿੜਤਾ ਨਾਲ ਘੁਲੀ ਹੁੰਦੀ ਸੀ।....ਉਸ ਦਾ ਰੁਤਬਾ ਇਕਬਾਲ ਅਤੇ ਮੈਥਿਲੀਸ਼ਰਣ ਗੁਪਤ ਨਾਲ ਮੇਚਿਆ ਜਾ ਸਕਦਾ ਹੈ। ਅਜੇ ਉਸ ਦਾ ਹਾਣ ਜੋਗਾ ਦੂਜਾ ਲੇਖਕ ਸਾਡੇ ਵਿਚ ਨਹੀਂ ਉਪਜਿਆ।

ਪ੍ਰੋ. ਪ੍ਰੀਤਮ ਸਿੰਘ ਅਨੁਸਾਰ, ਜਿਸ ਮਾਹੌਲ ਵਿਚ ਭਾਈ ਸਾਹਿਬ ਦੀ ਵਿਦਿਆ ਪ੍ਰਵਾਨ ਚੜ੍ਹੀ, ਉਸ ਨੇ ਆਪ ਨੂੰ ਪਰੰਪਰਾਗਤ ਕਾਵਿ-ਸ਼ਾਸਤਰ ਦਾ ਧੁਰੰਦਰ ਵਿਦਵਾਨ ਬਣਾ ਦਿੱਤਾ। ਜੇ ਕਿਤੇ ਪੜ੍ਹਾਈ ਤੋਂ ਵਿਹਲੇ ਹੁੰਦੇ ਸਾਰ ਆਪ ਕਾਸ਼ੀ ਜਾਂ ਹਰਿਦ੍ਵਾਰ ਦੇ ਕਿਸੇ ਵੱਡੇ ਡੇਰੇ ਵਿਚ ਜਾ ਟਿਕਦੇ ਅਤੇ ਆਪਣੀ ਸਾਰੀ ਰਚਨਾ ਦੇਵਨਾਗਰੀ ਹਿੰਦੀ ਵਿਚ ਪ੍ਰਕਾਸ਼ਿਤ ਕਰਦੇ ਰਹਿੰਦੇ ਤਾਂ ਕੋਈ ਵੱਡੀ ਗੱਲ ਨਹੀਂ, ਅੱਜ ਉਨ੍ਹਾਂ ਦੀ ਗਿਣਤੀ ਭਾਰਤ ਦੇ ਪ੍ਰਮੁੱਖ ਕਾਵਿ-ਸ਼ਾਸਤ੍ਰੀਆਂ ਤੇ ਸੰਸਕ੍ਰਿਤੱਗਾਂ ਵਿਚ ਹੁੰਦੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਨ੍ਹਾਂ ਨੇ ਕਾਸ਼ੀ ਦੀ ਥਾਂ ਲਾਹੌਰ ਜਾ ਟਿਕਾਣਾ ਕੀਤਾ, ਜੋ ਉਸ ਵੇਲੇ ਸਿੱਖਾਂ ਦੇ ਸਾਂਸਕ੍ਰਿਤਕ ਉਥਾਨ ਤੇ ਸੰਘਰਸ਼ ਦਾ ਬੜਾ ਵੱਡਾ ਕੇਂਦਰ ਬਣ ਰਿਹਾ ਸੀ।

ਪ੍ਰੋ. ਤੇਜਾ ਸਿੰਘ ਅਨੁਸਾਰ, ਭਾਈ ਸਾਹਿਬ, ਸਿੰਘ ਸਭਾ ਲਹਿਰ ਦੇ ਸਭ ਤੋਂ ਪਹਿਲੇ ਸੁਧਾਰਕਾਂ ਵਿਚੋਂ ਹੋਣ ਕਰਕੇ ਸਿੱਖ ਮੱਤ ਦੇ ਅੱਜਕੱਲ੍ਹ ਦੇ ਖ਼ਿਆਲਾਂ ਨੂੰ ਬਣਾਉਣ ਵਿਚ ਉਨ੍ਹਾਂ ਦਾ ਬੜਾ ਭਾਰੀ ਹੱਥ ਸੀ। ਭਾਈ ਦਿੱਤ ਸਿੰਘ ਜੀ ਜੇ ਸਮਾਜਕ ਤੇ ਧਾਰਮਿਕ ਸੁਧਾਰ ਲਈ ਜ਼ਿੰਮੇਵਾਰ ਸਨ, ਭਾਈ ਜਵਾਹਰ ਸਿੰਘ ਉੱਚ ਵਿਦਿਆ ਦੇ ਮੋਢੀ ਸਨ ਤਾਂ ਭਾਈ ਸਾਹਿਬ ਨੇ ਸਾਰੀ ਲਹਿਰ ਨੂੰ ਉਸ ਦੇ ਲੇਖਕ ਦਾ ਕੰਮ ਦਿੱਤਾ ਤੇ ਇਸ ਦੇ ਅਸੂਲਾਂ ਨੂੰ ਆਪਣੀਆਂ ਲਿਖਤਾਂ ਦੁਆਰਾ ਪ੍ਰਚਾਰਿਆ।

ਲਾਲਾ ਧਨੀ ਰਾਮ ਜੀ ਚਾਤ੍ਰਿਕ ਦੇ ਸ਼ਬਦਾਂ ਵਿਚ ਭਾਈ ਸਾਹਿਬ ਅੱਵਲ ਦਰਦੇ ਦੇ ਨਿਫ਼ਾਸਤ ਪਸੰਦ, ਉੱਚ ਸ਼੍ਰੇਣੀ ਦੇ ਸਟੇਟਸਮੈਨ ਤੇ ਕਮਾਲ ਦੇ ਮਿੱਠਬੋਲੜੇ ਸਨ। ਉਥੇ ਆਪ ਚੋਟੀ ਦੇ ਵਿਦਵਾਨ, ਖੋਜੀ ਤੇ ਸਾਹਿਤ ਸਨੇਹੀ ਭੀ ਸਨ। ਮਤ-ਬੁਧ ਸੰਭਲਣ ਦੇ ਜ਼ਮਾਨੇ ਤੋਂ ਹੀ ਆਪ ਨੇ ਪੁਸਤਕਾਂ ਦਾ ਜ਼ਖੀਰਾ ਜੋੜਨਾ ਸ਼ੁਰੂ ਕਰ ਦਿੱਤਾ। ਆਪ ਦੀ ਲਾਇਬਰੇਰੀ ਸ਼ਾਇਦ ਇਕ ਰਿਆਸਤ ਵਰਗੀ ਲਾਇਬਰੇਰੀ ਦਾ ਮੁਕਾਬਲਾ ਕਰ ਸਕਦੀ ਹੋਵੇ, ਕਿਉਂਕਿ ਆਪ ਨੂੰ ਹਰ ਵੇਲੇ ਪੜ੍ਹਦੇ ਰਹਿਣ ਦਾ ਹੀ ਸ਼ੌਕ ਸੀ ਜਾਂ ਲਿਖਦੇ ਰਹਿਣ ਦਾ। ਇਸ ਲਿਹਾਜ਼ ਨਾਲ ਜੇ ਆਪ ਨੂੰ ਸਿੱਖ ਪੰਥ ਦਾ ਵੇਦ-ਵਿਆਸ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।

ਭਾਈ ਸਾਹਿਬ ਅਰਜਨ ਸਿੰਘ ਰਈਸ ਬਾਗੜੀਆ, ਜਿਹੜੇ ਆਪਣੀ ਸੁਰਤ ਸੰਭਾਲਣ ਤੋਂ ਲੈ ਕੇ ਭਾਈ ਸਾਹਿਬ ਦੀ ਵਡਮੁੱਲੀ ਸੰਗਤ ਵਿਚ ਵਿਚਰਦੇ ਰਹੇ, ਉਨ੍ਹਾਂ ਅਨੁਸਾਰ, ਸਤਿਗੁਰਾਂ ਦੇ ਆਸ਼ੇ ਤੋਂ ਗਿਰਦੀ ਸਿੱਖੀ ਨੂੰ ਰੋਕਣ ਲਈ ਤਹਿਰੀਕ ਤੇ ਖ਼ਾਲਸੇ ਨੂੰ ਦੂਸਰਿਆਂ ਵਿਚ ਲੀਨ ਹੋਣ ਤੋਂ ਅਤੇ ਦਬੜੂ-ਘੁਸੜੂ ਬਣਨ ਤੋਂ ਬਚਾਉਣ ਦੇ ਸਭ ਤੋਂ ਵੱਡੇ ਸਾਧਨਾਂ ਵਿਚ ਭਾਈ ਕਾਨ੍ਹ ਸਿੰਘ ਨਾਭਾ ਦੇ ਲੇਖ ਹਮੇਸ਼ਾਂ ਯਾਦ ਰਹਿਣ ਵਾਲੇ ਹਨ। ਇਨ੍ਹਾਂ ਦੀ ਸਭ ਤੋਂ ਪਹਿਲੀ ਪੁਸਤਕ ‘ਗੁਰਮਤਿ ਪ੍ਰਭਾਕਰ’ ਨੂੰ ਛਪਵਾਉਣ ਦਾ ਫ਼ਖ਼ਰ ਪਹਿਲਾਂ ਦਾਸ ਨੂੰ ਹੀ ਮਿਲਿਆ ਸੀ। ਮਹਾਨ ਕੋਸ਼ ਆਦਿਕ ਉਨ੍ਹਾਂ ਦੀ ਖੋਜ ਤੇ ਮੇਹਨਤ ਦੇ ਐਸੇ ਨਤੀਜੇ ਹਨ ਕਿ ਰਹਿੰਦੀ ਦੁਨੀਆਂ ਤੱਕ ਉਨ੍ਹਾਂ ਦੀ ਹਸਤੀ ਦੀ ਯਾਦ ਤਾਜ਼ਾ ਰੱਖਣਗੇ। ਉਨ੍ਹਾਂ ਨੇ ਦਰਸਾਇਆ ਕਿ ਸਿੱਖ ਧਰਮ ਕਿਸ ਤਰ੍ਹਾਂ ਸਾਇੰਟੇਫਿਕ ਤਰੀਕੇ ਪਰ ਮਥਨੀ ਹੈ ਤੇ ਅੱਜਕਲ੍ਹ ਨਵੀਆਂ ਤਹਿਰੀਕਾਂ ਜੋ ਮੰਗ ਕਰਦੀਆਂ ਹਨ ਉਹ ਸਿੱਖੀ ਵਿਚ ਸਭ ਭਲੀ-ਭਾਂਤ ਪਹਿਲਾਂ ਹੀ ਮੌਜ਼ੂਦ ਹਨ।

ਆਪਣੀ ਵਿਦਵਤਾ ਦੇ ਜਾਦੂ ਦੇ ਅਸਰ ਨਾਲ ਭਾਈ ਸਾਹਿਬ ਨੇ ਨਾਭਾ ਅਤੇ ਪਟਿਆਲਾ ਰਿਆਸਤਾਂ ਵਿਚ ਕਈ ਉਚ ਅਹੁਦਿਆਂ ਤੇ ਸੇਵਾ ਕੀਤੀ।ਲਾਹੌਰ ਤੋਂ ਵਾਪਸ ਆਉਣ ਤੇ 1884 ਈ. ਵਿਚ ਮਹਾਰਾਜਾ ਹੀਰਾ ਸਿੰਘ ਰਿਆਸਤ ਨਾਭਾ ਦੇ ਸਲਾਹਕਾਰ ਬਣੇ। ਬਾਅਦ ਵਿਚ ਮਹਾਰਾਜਾ ਹੀਰਾ ਸਿੰਘ ਨੇ ਭਾਈ ਸਾਹਿਬ ਨੂੰ ਆਪਣੇ ਇਕਲੌਤੇ ਪੁੱਤਰ ਟਿੱਕਾ ਰਿਪੁਦਮਨ ਸਿੰਘ ਦਾ ਉਸਤਾਦ ਨੀਅਤ ਕੀਤਾ। ਨਾਭਾ ਰਿਆਸਤ ਦੀ 1886-1912 ਈ., 1917-1923 ਈ. ਤੱਕ ਕਈ ਵੱਖ-ਵੱਖ ਅਹੁਦਿਆਂ ਤੇ ਸੇਵਾ ਕੀਤੀ, ਜਿਵੇਂ ਕਿ ਪ੍ਰਾਈਵੇਟ ਸਕੱਤਰ, ਸਿਟੀ ਮੈਜਿਸਟ੍ਰੇਟ, ਨਹਿਰ ਨਾਜ਼ਮ (ਨਾਜ਼ਮ ਡਿਪਟੀ ਕਮਿਸ਼ਨਰ), ਮੀਰ ਮੁਨਸ਼ੀ, ਫਾਰੇਨ ਮਨਿਸਟਰ, ਹਾਈਕੋਰਟ ਦੇ ਜੱਜ ਤੇ ਜੁਡੀਸ਼ੀਅਲ ਕੌਂਸਲ ਦੇ ਮੈਂਬਰ ਆਦਿ। ਪਟਿਆਲਾ ਰਿਆਸਤ ਦੀ ਪੁਲੀਟੀਕਲ ਏਜੰਸੀ ਦੇ ਵਕਾਲਤ ਤੇ ਅਹੁਦੇ ਤੇ 1915 ਤੋਂ 1917 ਈ. ਤੱਕ ਕੰਮ ਕੀਤਾ।

ਮਹਾਰਾਜਾ ਹੀਰਾ ਸਿੰਘ ਭਾਈ ਸਾਹਿਬ ਦੇ ਇਸ ਹੱਦ ਤੱਕ ਕਦਰਦਾਨ ਬਣ ਚੁੱਕੇ ਸਨ ਕਿ ਰਿਆਸਤ ਸੰਬੰਧੀ ਹਰ ਮਸਲੇ ਜਾਂ ਕਿਸੇ ਮੁਸ਼ਕਿਲ ਦੇ ਹੱਲ ਲਈ ਸਭ ਤੋਂ ਪਹਿਲਾਂ ਭਾਈ ਸਾਹਿਬ ਜੀ ਦੀ ਸਲਾਹ ਲਈ ਜਾਂਦੀ। ਨੀਤੀ ਵਿੱਚ ਨਿਪੁੰਨ ਹੋਣ ਕਾਰਨ ਮਹਾਰਾਜਾ ਨੇ ਆਪ ਦਾ ਉਪਨਾਮ ਨੀਤੀ ਜੀ ਰੱਖਿਆ ਹੋਇਆ ਸੀ। ਉਨ੍ਹਾਂ ਦੀ ਸੂਝ ਬੂਝ ਅਤੇ ਰਿਆਸਤ ਪ੍ਰਤੀ ਵਫਾਦਾਰੀ ਦੀ ਪ੍ਰਸ਼ੰਸਾ ਕਰਦੇ ਹੋਏ ਇਕ ਅੰਗਰੇਜ਼ ਅਫ਼ਸਰ ਕਰਨਲ ਡਨਲਪ ਸਮਿੱਥ ਨੇ 18 ਜੁਲਾਈ 1905 ਈ. ਨੂੰ ਇਕ ਪੱਤਰ ਦੁਆਰਾ ਮਹਾਰਾਜਾ ਹੀਰਾ ਸਿੰਘ ਨੂੰ ਦੱਸਿਆ: : I have always had a regard fro Sardar Kahan Singh. I never met any official in anyof Phulkian States who so fiathully served the intersts of both his Chief and his State.

ਅਰਥਾਤ: ਸਰਦਾਰ ਕਾਨ੍ਹ ਸਿੰਘ ਲਈ ਮੇਰੇ ਦਿਲ ਵਿਚ ਬਹੁਤ ਇੱਜ਼ਤ ਹੈ, ਆਪਣੇ ਮਹਾਰਾਜਾ ਤੇ ਉਸਦੀ ਰਿਆਸਤ ਪ੍ਰਤੀ ਉਸ ਵਰਗਾ ਇਮਾਨਦਾਰ ਅਹਿਲਕਾਰ ਮੈਂ ਅੱਜ ਤੱਕ ਨਹੀਂ ਵੇਖਿਆ।

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾ ਵਿਚ ਕੁਝ ਮਨਮਤੀਏ ਲੋਕਾਂ ਵਲੋਂ ਸ਼ੁਰੂ ਕੀਤੀ ਗਈ ਉਸ ਸਮੇਂ ਬੁੱਤ ਪੂਜਾ ਦਾ ਖੰਡਨ ਕਰਦੇ ਹੋਏ ਉਸ ਮੌਕੇ (1905 ਈ.) ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਿੰਗ ਸਾਹਿਬ ਨੂੰ ਗੁਰਮਤਿ ਦੇ ਅਸੂਲਾਂ ਤੋਂ ਵਿਰੁੱਧ ਇਸ ਮਨਮਤ ਬਾਰੇ ਜਾਣੂ ਕਰਵਾਇਆ। ਦਰਬਾਰ ਸਾਹਿਬ ਵਿਚੋਂ ਮੂਰਤੀ ਪੂਜਾ ਬੰਦ ਕਰਵਾਉਣ ਤੇ ਭਾਈ ਸਾਹਿਬ ਨੇ ਹੇਠ ਲਿਖੇ ਸ਼ਬਦਾਂ ਨਾਲ ਮਿਸਟਰ ਕਿੰਗ ਦਾ ਧੰਨਵਾਦ ਕੀਤਾ:

Nabha 13th May 1905
Private

My dear Sir,

The Sikh community has been much gretified to learn Bhai Sant Singh has been appointed as the Granthi of the Darbar Sahib and that Hindu idols have been removed from teh Temple compound.

All the Sikhs hope that under your able-management the Temple will obtain a very flourishing and prospersous condition and that no other religionists would venture to intrude in to it and interfere with its affairs.

Yours Sincerely,
(sd.) Kahan Singh

ਮੈਕਸ ਆਰਥਰ ਮੈਕਾਲਿਫ (ਅੰਗਰੇਜ਼ ਵਿਦਵਾਨ) ਦੇ ਮਨ ਵਿਚ ਸਿੱਖਾਂ ਦੇ ਇਤਿਹਾਸ ਤੇ ਗੁਰਬਾਣੀ ਦੇ ਅੰਗਰੇਜ਼ੀ ਅਨੁਵਾਦ ਦਾ ਖ਼ਿਆਲ ਪੈਦਾ ਹੋਇਆ ਤਾਂ ਉਨ੍ਹਾਂ ਨੂੰ ਸਿਧਾਂਤਕ ਤੇ ਸਾਹਿਤਕ ਸਹਾਇਤਾ ਲਈ ਹਰ ਪਾਸਿਉਂ ਭਾਈ ਕਾਨ੍ਹ ਸਿੰਘ ਦੇ ਨਾਂ ਦੀ ਦੱਸ ਪਈ। ਮਿਸਟਰ ਮੈਕਾਲਿਫ ਦੀ ਪੁਸਤਕ ਦੀ ਸਿੱਖ ਰੀਲੀਜ਼ਨ ਦੀ ਸੁਧਾਈ, ਛਪਾਈ ਲਈ (1907-08 ਈ.) ਇੰਗਲੈਂਡ ਦੀ ਯਾਤਰਾ ਕੀਤੀ। ਇਸ ਤੋਂ ਇਲਾਵਾ 1910 ਈ. ਵਿੱਚ ਟਿੱਕਾ ਸਾਹਿਬ ਨਾਭਾ ਦੇ ਗਾਰਡੀਅਨ ਵਜੋਂ ਵੀ ਭਾਈ ਸਾਹਿਬ ਇੰਗਲੈਂਡ ਗਏ। ਮੈਕਾਲਿਫ ਨੂੰ ਸਿੱਖ ਰੀਲੀਜ਼ਨ ਜਿਹੀ ਮਹਾਨ ਰਚਨਾ ਨੂੰ ਸੰਪੂਰਨ ਕਰਨ ਲਈ ਜੋ ਪ੍ਰੇਰਨਾ ਤੇ ਨਿਸ਼ਕਾਮ ਸੇਵਾ ਆਪ ਨੇ ਕੀਤੀ ਉਹ ਸਦਾ ਸੁਨਹਿਰੀ ਅੱਖਰਾਂ ਵਿੱਚ ਲਿਖੀ ਜਾਵੇਗੀ ਕਿਉਂਕਿ ਇਸ ਤੋਂ ਪਹਿਲਾਂ ਅੰਗਰੇਜ਼ੀ ਵਿੱਚ ਸਿੱਖ ਧਰਮ ਸੰਬੰਧੀ ਕੋਈ ਚੰਗਾ ਪੁਸਤਕ ਨਹੀਂ ਸੀ।

ਇਸ ਸਮੇਂ ਤੱਕ ਭਾਈ ਕਾਨ੍ਹ ਸਿੰਘ ਨਾਭਾ ਦੀ ਵਿਦਵਤਾ ਦੀ ਖੁਸ਼ਬੋਈ ਬਹੁਤ ਦੂਰ ਦੂਰ ਤੱਕ ਫੈਲ ਚੁੱਕੀ ਸੀ। ਪੰਜਾਬ ਨਾਲ ਸੰਬੰਧਿਤ ਸਾਹਿਤਕ, ਸਭਿਆਚਰਕ, ਰਾਜਨੀਤਕ ਅਤੇ ਧਾਰਮਿਕ ਸੰਸਥਾਵਾਂ ਵਿਚੋਂ ਸ਼ਾਇਦ ਹੀ ਕੋਈ ਐਸੀ ਮਹੱਤਵਪੂਰਣ ਸੰਸਥਾ ਹੋਵੇ, ਜਿਥੇ ਭਾਈ ਸਾਹਿਬ ਦਾ ਨਾਮ ਨਾ ਬੋਲਦਾ ਹੋਵੇ। ਓਰੀਐਂਟਲ ਕਾਲਜ ਲਾਹੌਰ ਦੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀ ਪ੍ਰੇਰਨਾ ਸਦਕਾ ਖਾਲਸਾ ਕਾਲਜ ਅੰਮਿ ਦੀ ਸਥਾਪਤੀ ਲਈ ਸਾਹਿਬ ਦਾ ਅਹਿਮ ਯੋਗਦਾਨ ਰਿਹਾ। ਉਸ ਮੌਕੇ ਦੇ ਸਿੱਖ ਰਿਆਸਤਾਂ ਦੇ ਮੋਢੀ ਨੇਤਾ ਸਰਦਾਰ ਅਤਰ ਸਿੰਘ ਰਈਸ (ਭਦੌੜ) ਦੀ ਮਹਾਰਾਜਾ ਹੀਰਾ ਸਿੰਘ ਅਤੇ ਮਹਾਰਾਜਾ ਪਟਿਆਲਾ ਨਾਲ ਕੁਝ ਕਾਰਨਾਂ ਕਰਕੇ ਅਨਬਣ ਹੋ ਗਈ ਸੀ। ਭਾਈ ਸਾਹਿਬ ਨੇ ਆਪਣੀ ਸੂਝ ਤੇ ਸਿਆਣਪ ਨਾਲ ਇਹ ਰੰਜਿਸ਼ ਦੂਰ ਕਰ, ਤਿੰਨ੍ਹਾਂ ਨੂੰ ਇਕ ਪਲੇਟਫਾਰਮ ਤੇ ਇੱਕਠਿਆਂ ਕਰਕੇ ਆਪਣੇ ਪਰਮ ਮਿੱਤਰ ਅੰਗਰੇਜ਼ ਅਫਸਰ ਕਰਨਲ ਡਨਲਪ ਸਮਿੱਥ ਅਤੇ ਸੁੰਦਰ ਸਿੰਘ ਮਜੀਠੀਆ, ਬਾਬਾ ਖੇਮ ਸਿੰਘ ਬੇਦੀ ਅਤੇ ਹੋਰ ਪ੍ਰਮੁੱਖ ਸੱਜਣਾਂ ਦੇ ਸਹਿਯੋਗ ਸਦਕਾ ਤਕੜੀ ਜਦੋ-ਜਹਿਦ ਤੋਂ ਬਾਅਦ ਖਾਲਸਾ ਕਾਲਜ ਅੰਮ੍ਰਿਤਸਰ ਨੂੰ ਪੱਕੇ ਪੈਰੀਂ ਕੀਤਾ। ਸਿੱਖ ਮਹਾਰਾਜਿਆਂ ਤੋਂ ਇਲਾਵਾ ਸਿੱਖ ਰਈਸਾਂ ਤੇ ਛੋਟੇ-ਮੋਟੇ ਬਿਸਵੇਦਾਰਾਂ ਨੇ ਇਸ ਸੁਭ ਕਾਰਜ ਲਈ ਦਿਲ ਖੋਲ੍ਹ ਕੇ ਚੰਦਾ ਦਿੱਤਾ।ਵਿਦਿਅਕ ਉੱਨਤੀ ਲਈ ਖਾਲਸਾ ਕਾਲਜ ਦੀ ਸਥਾਪਤੀ ਲਈ ਭਾਈ ਸਾਹਿਬ ਨੇ ਜੋ ਯਤਨ ਕੀਤੇ, ਉਨ੍ਹਾਂ ਕਰਕੇ ਉਹ ਸਿੱਖ ਆਗੂ ਦੇ ਤੌਰ ਤੇ ਉਭਰ ਕੇ ਸਾਹਮਣੇ ਆਏ।

25 ਦਸੰਬਰ 1911 ਈ. ਨੂੰ ਮਹਾਰਾਜਾ ਹੀਰਾ ਸਿੰਘ ਦੇ ਦੇਹਾਂਤ ਤੋਂ ਬਾਅਦ ਭਾਈ ਸਾਹਿਬ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਭਾਈ ਸਾਹਿਬ ਅਨੁਸਾਰ ਕਈ ਸਵਾਰਥੀ ਤੇ ਆਚਾਰ ਤੋਂ ਡਿੱਗੇ ਹੋਏ ਲੋਕ ਜਿਨ੍ਹਾਂ ਨੂੰ ਰਿਆਸਤਾਂ ਨਾਲ ਕੋਈ ਪਿਆਰ ਨਹੀਂ ਸੀ ਜੋ ਅਸਲੋਂ ਮਹਾਰਾਜੇ ਦੇ ਹਿਤੂ ਨਹੀਂ ਸਨ, ਦੇਵਯੋਗ ਨਾਲ ਏਧਰੋਂ-ਓਧਰੋਂ ਮਹਾਰਾਜੇ ਰਿਪੁਦਮਨ ਸਿੰਘ ਦੇ ਪਾਸ ਆ ਲੱਗੇ। ਜਿਸ ਤੋਂ ਕਈ ਭੱਦਰ ਪੁਰਸ਼ਾਂ ਦਾ ਅਪਮਾਨ ਹੋਇਆ ਅਤੇ ਰਿਆਸਤ ਪਟਿਆਲਾ ਨਾਲ ਅਨੇਕਾਂ ਵਿਅਰਥ ਝਗੜੇ ਛਿੜ ਪਏ। ਜਿਸ ਕਾਰਨ ਭਾਈ ਸਾਹਿਬ ਨੂੰ ਵੀ ਕਈ ਵਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਰੰਤੂ ਫਿਰ ਵੀ ਉਨ੍ਹਾਂ ਦੀ ਲਿਆਕਤ, ਦ੍ਰਿੜ੍ਹਤਾ ਅਤੇ ਸੱਚ ਕਹਿਣ ਦੀ ਦਲੇਰੀ ਕਾਰਨ ਦੋਵਾਂ ਰਿਆਸਤਾਂ (ਪਟਿਆਲਾ ਅਤੇ ਨਾਭਾ) ਦੇ ਦਰਵਾਜ਼ੇ ਹਮੇਸ਼ਾਂ ਉਨ੍ਹਾਂ ਲਈ ਖੁੱਲ੍ਹੇ ਰਹੇ। ਉਹ ਕਦੇ ਕਿਸੇ ਤੋਂ ਨਹੀਂ ਘਬਰਾਏ, ਹਰ ਸੰਕਟ ਉਤੇ ਜਿੱਤ ਪ੍ਰਾਪਤ ਕੀਤੀ ਅਤੇ ਨਾਭਾ-ਪਟਿਆਲਾ ਦੋਵਾਂ ਰਿਆਸਤਾਂ ਦੀ ਸੁਲਾਹ-ਸਫਾਈ ਲਈ ਹਮੇਸ਼ਾਂ ਸਰਗਰਮ ਰਹੇ। ਪਰੰਤੂ ਰਿਆਸਤ ਨਾਭਾ ਦੇ ਸ਼ੁਭਚਿੰਤਕ ਹੁੰਦੇ ਹੋਏ ਵੀ ੳਹ ਖੁਦਗਰਜ਼ਾਂ ਦੀ ਵਿਰੋਧਤਾ ਤੋਂ ਬਚ ਨਾ ਸਕੇ।

ਭਾਈ ਸਾਹਿਬ ਆਪਣੇ ਸਮੇਂ ਦੇ ਇਕ ਅਜਿਹੇ ਵਿਦਵਾਨ ਹੋਏ ਹਨ, ਜਿਨ੍ਹਾਂ ਨੇ ਆਪਣੇ ਪੂਰੇ ਜੀਵਨ ਦਾ ਕੀਮਤੀ ਸਮਾਂ ਹਮੇਸ਼ਾਂ ਦੇਸ਼, ਕੌਮ ਅਤੇ ਪੰਥ ਦੀ ਭਲਾਈ ਲਈ ਲੇਖੇ ਲਾਇਆ। ਉਨ੍ਹਾਂ ਉਸ ਮੌਕੇ ਪੰਥਕ ਵਿਰੋਧੀ ਕੁਚਿਲ ਚਾਲਾਂ ਖੇਡਣ ਵਾਲੇ ਅਤੇ ਗੁਰਮਤਿ ਨੂੰ ਜਬਰੀ ਸਨਾਤਨੀ ਰੰਗ ਵਿਚ ਢਾਲਣ ਵਾਲੇ ਚਤੁਰ ਵਿਦਵਾਨਾਂ ਦਾ ਬੜੀ ਬਹਾਦਰੀ ਨਾਲ ਡਟ ਕੇ ਵਿਰੋਧ ਕੀਤਾ, ਪੰਥਕ ਭਲਾਈ ਲਈ ਖਾਲਸਾ ਦੀਵਾਨ ਲਾਹੌਰ, ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਅਤੇ ਪੰਚ ਖ਼ਾਲਸਾ ਦੀਵਾਨ ਭਦੌੜ ਦੇ ਵਿਦਵਾਨਾਂ ਨੂੰ ਸਮੇਂ-ਸਮੇਂ ਅਨੁਸਾਰ, ਸਮਕਾਲੀ ਸਮੱਸਿਆਵਾਂ ਦੇ ਹੱਲ ਲਈ ਪੂਰਨ ਸਹਿਯੋਗ ਦਿੱਤਾ। ਵਿਦਿਅਕ ਕ੍ਰਾਂਤੀ ਲਈ ਉਪਰੋਕਤ ਸੰਸਥਾਵਾ ਨਾਲ ਜੁੜੇ ਰਹਿੰਦੇ ਹੋਏ ਵੀ 1 ਜਨਵਰੀ 1906 ਦੇ ਦਿਨ ਖ਼ਾਲਸਾ ਦੀਵਾਨ ਨਾਭਾ ਸਥਾਪਿਤ ਕੀਤਾ।

ਕੁਝ ਸ਼ਰਾਰਤੀ ਅਨਸਰਾਂ ਵਲੋਂ ਗੁਰੂ ਸਾਹਿਬਾਨ ਦੇ ਅਪਮਾਨ ਲਈ ‘ਖ਼ਾਲਸਾ ਪੰਥ ਕੀ ਹਕੀਕਤ’ ਇਕ ਕਿਤਬਚਾ ਉਰਦੂ ਭਾਸ਼ਾ ਵਿਚ ਛਪਵਾਇਆ ਗਿਆ। ਜਿਸਨੂੰ 1914 ਈ. ਵਿਚ ਭਾਈ ਸਾਹਿਬ ਨੇ ਕਾਨੂੰਨੀ ਲੜਾਈ ਲੜ੍ਹ ਕੇ ਜ਼ਬਤ ਕਰਵਾਇਆ।

ਆਪਣੀ ਸੂਝ ਤੇ ਸਿਆਣਪ ਨਾਲ ਭਾਈ ਸਾਹਿਬ ਨੇ ਪਰਗਨਾ, ਦਹੇੜੂ ਤੇ ਪੱਖੇਵਾਲ ਦਾ ਉਹ ਇਲਾਕਾ ਰਿਆਸਤ ਨਾਭਾ ਨੂੰ ਵਾਪਸ ਦਿਲਵਾਇਆ ਜਿਹੜਾ ਕਿ ਨਾਭੇ ਦੇ ਪਹਿਲੇ ਮਹਾਰਾਜੇ ਦੇਵਿੰਦਰ ਸਿੰਘ ਜੀਦੀ ਗਲਤੀ ਕਾਰਨ, ਸਿੱਖਾਂ, ਫਰੰਗੀਆਂ ਦੀ ਲੜਾਈ ਦੇ ਮੌਕੇ (ਸੰਨ 1845 ਵਿਚ) ਸਰਕਾਰ ਬਰਤਾਨੀਆਂ ਨੇ ਜ਼ਬਤ ਕਰ ਲਿਆ ਸੀ।

ਦਿੱਲੀ ਵਿਚ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸਕ ਗੁਰਦੁਆਰੇ ਰਕਾਬ ਗੰਜ ਸਾਹਿਬ ਦੀ ਉਹ ਕੰਧ ਜਿਹੜੀ ਕਿ ਇਸ ਥਾਂ ਤੇ 1914 ਈ. ਵਿਚ ਵਾਇਸਰਾਏ ਦੀ ਕੋਠੀ ਬਣਾਉਣ ਲਈ ਸਿੱਖਾਂ ਦੇ ਵਿਰੋਧ ਦੇ ਬਾਵਜੂਦ ਗਿਰਾ ਦਿੱਤੀ ਗਈ ਸੀ। ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੇ ਸਹਿਯੋਗ ਸਦਕਾ ਅਤੇ ਅੰਗਰੇਜ਼ ਅਫਸਰਾਂ ਨਾਲ ਆਪਣੇ ਅਸਰ-ਰਸੂਖ਼ ਸਦਕਾ ਭਾਈ ਕਾਨ੍ਹ ਸਿੰਘ ਨੇ 1918 ਈ. ਵਿਚ ਇਸ ਇਤਿਹਾਸਕ ਕੰਧ ਦੀ ਮੁੜ ਉਸਾਰੀ ਕਰਵਾਈ। ਇਸ ਇਤਿਹਾਸਕ ਗੁਰਦੁਆਰੇ ਦੀ ਖੋਜ ਸੰਬੰਧੀ ਭਾਈ ਸਾਹਿਬ ਇਥੇ ਦਰਸ਼ਨ ਲਈ ਆਉਂਦੇ ਰਹਿੰਦੇ ਸਨ। ਆਪਣੀ ਨਿੱਜੀ ਡਾਇਰੀ 29 ਨਵੰਬਰ 1930 ਈ. ਵਿਚ ਭਾਈ ਸਾਹਿਬ ਲਿਖਦੇ ਹਨ: ‘ਰਕਾਬ ਗੰਜ ਗੁਰਦੁਆਰੇ ਗੁਰੂ ਸਾਹਿਬ ਦੇ ਸ਼ਸਤਰਾਂ ਅਤੇ ਪੁਰਾਣੀਆਂ ਸਨਦਾਂ ਦਾ ਦਰਸ਼ਨ ਕੀਤਾ ਅਤੇ ਗੁਰਦੁਆਰੇ ਵਿਚ ਗੁਰਮੁਖੀ ਅਤੇ ਹਿੰਦੀ ਪਾਠਸ਼ਾਲਾ ਦੇਖੀ’।

ਇਸੇ ਤਰ੍ਹਾਂ ਗੁਰਦੁਆਰਾ ਮਾਲ ਟੇਕਰੀ (ਨਾਂਦੇੜ ਸਾਹਿਬ) ਜਿਥੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਪਤ ਖ਼ਜ਼ਾਨਾ ਕੱਢ ਕੇ ਪਠਾਨ ਨੌਕਰਾਂ ਨੂੰ ਤਲਬ ਵੰਡੀ ਸੀ ਅਤੇ ਬਚਿਆ ਧਨ ਇਥੇ ਹੀ ਗਡਵਾ ਦਿੱਤਾ ਸੀ। ਮੁਸਲਮਾਨ ਇਥੇ ਆਪਣੀਆਂ ਕਬਰਾਂ ਦੱਸ ਕੇ, ਇਸ ਅਸਥਾਨ ਤੇ ਆਪਣਾ ਅਧਿਕਾਰ ਸਮਝ ਰਹੇ ਸਨ। ਇਸ ਅਸਥਾਨ ਦੀ ਬਹਾਲੀ ਲਈ ਚੱਲੇ ਮੁਕੱਦਮੇ ਵਿਚ ਭਾਈ ਸਾਹਿਬ ਮੁੱਖ ਗਵਾਹ ਵਜੋਂ ਪੇਸ਼ ਹੋਏ ਤੇ ਇਤਿਹਾਸਕ ਹਵਾਲੇ ਦੇ ਕੇ ਇਸ ਨੂੰ ਸਿੱਖਾਂ ਦਾ ਅਸਥਾਨ ਸਿੱਧ ਕੀਤਾ।

ਭਾਈ ਸਾਹਿਬ ਆਪਣੀ ਨਿੱਜੀ ਡਾਇਰੀ 7 ਨਵੰਬਰ 1929 ਵਿਚ ਲਿਖਦੇ ਹਨ: ਮਾਲਟੇਕਰੀ ਗੁਰਦੁਆਰੇ ਦੇ ਮੁਕੱਦਮੇ ਸੰਬੰਧੀ ਜੱਜ ਅੱਗੇ ਗਵਾਹੀ ਦਿੱਤੀ, ਜੱਜ ਨੇ ਕੁਰਸੀ ਦੇ ਕੇ ਬੜੇ ਆਦਰ ਨਾਲ ਗਵਾਹੀ ਸੁਣੀ।

ਮੈਂ ਆਪਣਾ ਹਜ਼ੂਰ ਸਾਹਿਬ ਆਉਣਾ ਅਤੇ ਮਾਲ ਟੇਕਰੀ ਦਾ ਸੰਮਤ 1940 (ਸੰਨ 1883) ਅਤੇ ਸੰਮਤ 1966 (ਸੰਨ 1909) ਵਿਚ ਦਰਸ਼ਨ ਕਰਨਾ ਵਿਸਥਾਰ ਸਹਿਤ ਦੱਸਿਆ।

ਇਸ ਤੋਂ ਇਲਾਵਾ ਦਰਜਨਾਂ ਪੁਸਤਕਾਂ ਦੀ ਰਚਨਾ ਕਰਕੇ ਗੁਰਮਤਿ ਨਾਲੋਂ ਮਨਮਤ ਦਾ ਨਿਖੇੜਾ ਕਰਨ ਲਈ ਭਾਈ ਸਾਹਿਬ ਪੂਰੀ ਉਮਰ ਸਰਗਰਮ ਰਹੇ।

ਮਹਾਰਾਜਾ ਰਣਜੀਤ ਸਿੰਘ ਦੇ ਸ਼ਕਤੀਸ਼ਾਲੀ ਰਾਜ ਪਿੱਛੋਂ ਅੰਗਰੇਜ਼ਾਂ ਦਾ ਪੰਜਾਬ ਤੇ ਕਬਜ਼ਾ ਹੋਣ ਤੋਂ ਬਾਅਦ, ਇਥੋਂ ਦਾ ਸਮਾਜ ਖੇਰੂੰ-ਖੇਰੂੰ ਹੋਣਾ ਸ਼ੁਰੂ ਹੋ ਗਿਆ। 1849 ਈ. ਵਿਚ ਸਿੱਖਾਂ ਦੀ ਦੂਜੀ ਲੜਾਈ ਵਿਚ ਹਾਰ ਪਿੱਛੋਂ ਰਾਜਸੀ ਪਰਿਵਰਤਨ ਉਤੇ ਪੰਜਾਬੀਆਂ ਨੇ ਬੜਾ ਸੋਗ ਮਨਾਇਆ। ਮਾਨਸਿਕ ਅਧੋਗਤੀ, ਗੁਲਾਮੀ ਦਾ ਅਹਿਸਾਸ ਅਤੇ ਆਰਥਿਕ ਮੰਦਵਾੜੇ ਕਾਰਣ ਪੰਜਾਬੀਆਂ ਵਿਚ ਉਦਾਸੀ ਤੇ ਉਪਰਾਮਤਾ ਵਧਣ ਲੱਗੀ। ਨਿਰਾਸ਼ ਪੰਜਾਬੀ ਨਸ਼ਿਆਂ ਦੀ ਖੁੱਲ੍ਹ ਕੇ ਵਰਤੋਂ ਕਰਨ ਲੱਗੇ, ਚਰਿੱਤਰ ਵਿਚ ਗਿਰਾਵਟ ਆਈ ਅਤੇ ਵਹਿਮ-ਪ੍ਰਸਤੀ ਦਾ ਬੋਲਬਾਲਾ ਸ਼ੁਰੂ ਹੋ ਗਿਆ। ਫੇਰ ਵੀ ਸਮਾਜਿਕ ਚੇਤਨਾ ਪੈਦਾ ਕਰਨ ਲਈ ਲੋਕ-ਲਹਿਰਾਂ ਜਨਮ ਲੈਂਦੀਆਂ ਰਹੀਆਂ। ਕੂਕਾ ਲਹਿਰ, ਨਿਰੰਕਾਰੀ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਦੇਸ਼ ਭਗਤ ਸਭਾ, ਸਿੰਘ ਸਭਾ ਲਹਿਰ ਆਦਿ ਨੇ ਲੋਕਾਂ ਦੇ ਸਮਾਜਕ ਜੀਵਨ ਨੂੰ ਹਲੂਣਿਆਂ। ਸਮੇਂ ਦੇ ਸਿਆਣਿਆਂ ਨੇ ਨੌਜਵਾਨਾਂ ਵਿਚ ਨਵੀਨ ਚੇਤਨਾ ਭਰਨ ਲਈ ਅਤੇ ਸਿੱਖ ਸਮਾਜ ਨੂੰ ਵਹਿਮਾਂ-ਭਰਮਾਂ ਤੋਂ ਮੁਕਤ ਕਰਵਾਉਣ ਲਈ ਅਤੇ ਗੁਰਮਤਿ ਵਿਚੋਂ ਮਨਮਤ ਦਾ ਨਿਖੇੜਾ ਕਰਨ ਲਈ ਆਧੁਨਿਕ ਵਿਦਿਆ ਦੇ ਪ੍ਰਚਾਰ-ਪ੍ਰਸਾਰ ਵੱਲ ਪੂਰੀ ਤਰ੍ਹਾਂ ਧਿਆਨ ਜੋੜਿਆ। ਇਸ ਲੋੜ ਦੀ ਪੂਰਤੀ ਲਈ ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ, ਸ੍ਰ. ਅਤਰ ਸਿੰਘ ਭਦੌੜ, ਵੈਦ ਮੋਹਨ ਸਿੰਘ, ਭਾਈ ਤਖ਼ਤ ਸਿੰਘ ਭਸੌੜ, ਗਿਆਨੀ ਲਾਲ ਸਿੰਘ ਸੰਗਰੂਰ ਅਤੇ ਭਾਈ ਕਾਨ੍ਹ ਸਿੰਘ ਨਾਭਾ ਵਰਗੇ ਵਿਦਵਾਨ ਪਹਿਲੀ ਕਤਾਰ ਵਿਚ ਆਏ। ਇਨ੍ਹਾਂ ਸਾਹਿਤਕ ਆਗੂਆਂ ਨਾ ਕੇਵਲ ਪੰਜਾਬੀ ਸਾਹਿਤਕਾਰੀ ਅਤੇ ਵਿਦਿਆ ਦੇ ਖੇਤਰਾਂ ਵਿਚ ਆਪਣਾ ਭਰਪੂਰ ਹਿੱਸਾ ਪਾਇਆ, ਸਗੋਂ ਚੌਖੀ ਗਿਣਤੀ ਵਿਚ ਨਵੇਂ ਸਾਹਿਤਕਾਰਾਂ ਨੂੰ ਵੀ ਪੰਜਾਬੀ ਵੱਲ ਪ੍ਰੇਰਿਆ। ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਚਰਨ ਸਿੰਘ ਸ਼ਹੀਦ, ਬਾਵਾ ਬੁੱਧ ਸਿੰਘ, ਕਰਮ ਸਿੰਘ ਹਿਸਟੋਰੀਅਨ ਤੇ ਜੀ.ਬੀ. ਸਿੰਘ ਇਸ ਦੌਰ ਦੇ ਉਘੇ ਸਾਹਿਤਕਾਰ ਤੇ ਖੋਜੀ ਸਨ।

ਇਕ ਲੇਖਕ ਦੇ ਰੂਪ ਵਿਚ ਕਾਨ੍ਹ ਸਿੰਘ ਨਾਭਾ ਦਾ ਆਗਮਨ ਉਨ੍ਹੀਵੀਂ ਸਦੀ ਦੇ ਅਖ਼ੀਰਲੇ ਦਹਾਕੇ ਵਿਚ ਹੋਇਆ। ਪੰਜਾਬੀ ਸਾਹਿਤ ਉਸ ਸਮੇਂ ਅਜਿਹੇ ਪੜਾਅ ਤੇ ਖੜਾ ਸੀ, ਜਿਥੇ ਉਸ ਨੇ ਆਧੁਨਿਕਤਾ ਵੱਲ ਛਲਾਂਗਾਂ ਲਗਾਉਣ ਲਈ ਆਪਣੇ ਆਪ ਨੂੰ ਤਿਆਰ ਕਰਨਾ ਸੀ। ਇਸ ਸਮੇਂ ਦੌਰਾਨ ਪੁਰਾਤਨਤਾ ਅਤੇ ਨਵੀਨਤਾ ਦੀ ਪ੍ਰਸਪਰ ਟੱਕਰ ਅਤੇ ਮੇਲ-ਮਿਲਾਪ ਨੇ ਅਜਿਹੀਆਂ ਰਚਨਾਂਵਾਂ ਨੂੰ ਹੋਂਦ ਵਿਚ ਲਿਆਂਦਾ, ਜਿਨ੍ਹਾਂ ਉਤੇ ਪੁਰਾਤਨਤਾ ਦੀ ਪਾਣ ਚੜ੍ਹੀ ਹੋਈ ਹੈ, ਪਰ ਨਾਲ ਹੀ ਨਵੀਨਤਾ ਦੀ ਤਾਂਘ ਵੀ ਹੈ। ਇਸੇ ਸਮੇਂ ਗੁਰਮਤਿ ਵਿਰੋਧੀ ਲਹਿਰਾਂ ਆਮ ਚਲ ਰਹੀਆਂ ਸਨ। ਭਾਈ ਸਾਹਿਬ ਨੇ ਸਿੱਖ ਧਰਮ ਅਤੇ ਸਮਾਜ ਨੂੰ ਇਨ੍ਹਾਂ ਅਣਮਤੀਆਂ ਦੇ ਵਿਸ਼ ਭਰੇ ਪ੍ਰਚਾਰ ਤੋਂ ਬਚਾਉਣ ਲਈ ਸ਼ਲਾਘਾਯੋਗ ਯਤਨਆਰੰਭੇ। ਗੁਰਬਾਣੀ, ਸਿੱਖ ਪਰੰਪਰਾਵਾਂ ਤੇ ਇਤਿਹਾਸ ਉਨ੍ਹਾਂ ਦੀ ਲੇਖਣੀ ਦੇ ਵਿਸ਼ੇਸ਼ ਖੇਤਰ ਬਣ ਗਏ। ਉਨ੍ਹਾਂ ਦੀਆਂ ਪ ਅਤੇ ਅਪ੍ਰਕਾਸ਼ਿਤ ਰਚਨਾਵਾਂ ਦੀ ਗਿਣਤੀ ਤਿੰਨ ਦਰਜਨ ਤੋਂ ਉਪਰ ਬਣਦੀ ਹੈ। ਉਨ੍ਹਾਂ ਵਿਚ ਇਕ ਖੂਬੀ ਇਹ ਵੀ ਸੀ ਕਿ ਉਨ੍ਹਾਂ ਅੰਧ-ਵਿਸ਼ਵਾਸੀ ਧਾਰਮਿਕ ਭਾਵਨਾਵਾਂ ਨੂੰ ਬੁੱਧੀ ਉਪਰ ਹਾਵੀ ਨਹੀਂ ਹੋਣ ਦਿੱਤਾ, ਤਰਕ ਨੂੰ ਹੱਥੋਂ ਨਹੀਂ ਛੱਡਿਆ, ਜੋ ਗੱਲ ਕਹਿੰਦੇ, ਦਲੀਲ, ਯੁਕਤੀ ਤੇ ਪ੍ਰਮਾਣ ਨਾਲ ਕਹਿੰਦੇ।

ਉਨ੍ਹੀਵੀਂ ਸਦੀ ਦੇ ਅੰਗਰੇਜ਼ੀ ਨਿਬੰਧਕਾਰ ਤੇ ਆਲੋਚਕ ਡੀ ਕੁਇਨਸੀ ਦੇ ਕਥਨ ਅਨੁਸਾਰ ਸਾਹਿਤ ਦੋ ਪ੍ਰਕਾਰ ਦਾ ਹੈ, ਗਿਆਨਮਈ ਤੇ ਸ਼ਕਤੀਮਈ। ਪਹਿਲਾ ਨਵੇਂ ਵਿਚਾਰ ਪ੍ਰਬੰਧ ਦਿੰਦਾ ਹੈ ਤੇ ਦੂਜੇ ਵਿਚ ਭਾਵਾਂ ਨੂੰ ਹਲੂਣਾ ਦੇਣ ਦੀ ਸ਼ਕਤੀ ਹੁੰਦੀ ਹੈ। ਇਸ ਨੂੰ ਸੂਚਨਾਤਮਕ ਤੇ ਪ੍ਰੇਰਨਾਤਮਕ ਸਾਹਿਤ ਵਿਚ ਵੰਡ ਕੇ ਵੇਖਿਆ ਜਾ ਸਕਦਾ ਹੈ। ਇਸ ਤਰ੍ਹਾਂ ਗਿਆਨਮਈ ਤੇ ਸ਼ਕਤੀਮਈ ਸਾਹਿਤਕਾਰ ਦੇ ਮਨ ਵਿਚ ਚਲਦੇ ਵੱਖ-ਵੱਖ ਵਰਤਾਰਿਆਂ ਕਾਰਣ ਸਾਹਿਤ ਦੇ ਭਿੰਨ-ਭਿੰਨ ਰੂਪ ਕਵਿਤਾ, ਕਹਾਣੀ, ਇਕਾਂਗੀ, ਨਾਵਲ, ਸਫ਼ਰਨਾਮਾ, ਨਿਬੰਧ ਆਦਿ ਹੋਂਦ ਵਿਚ ਆਉਂਦੇ ਹਨ। ਸਾਹਿਤਕਾਰ ਆਪਣੇ ਅਨੁਭਵ ਨੂੰ ਸੁੰਦਰ ਸ਼ਬਦ ਰਚਨਾ ਦੁਆਰਾ ਅਲੱਗ-ਅਲੱਗ ਰੂਪਾਂ ਵਿਚ ਮੂਰਤੀਮਾਨ ਕਰਦਾ ਹੈ। ਸਵੀਕ੍ਰਿਤ ਵਿਵਰਣ ਨੂੰ ਆਪਣੇ ਭਾਵਾਂ ਅਨੁਸਾਰ ਸੰਵਾਰਦਾ ਤੇ ਸ਼ਿੰਗਾਰਦਾ ਹੈ ਅਤੇ ਉਨ੍ਹਾਂ ਵਿਚ ਕ੍ਰਮ ਪੈਦਾ ਕਰਕੇ ਸਮੁੱਚਾ ਪ੍ਰਭਾਵ ਤੱਕ ਦੇ ਰੂਪ ਕੱਢਦਾ ਹੈ।

ਮਨੁੱਖ ਦੇ ਆਪੇ ਅਨੁਸਾਰ ਸਾਹਿਤ ਦੇ ਦੋ ਵਿਸ਼ੇਸ਼ ਰੂਪ ਉਘੜ ਕੇ ਸਾਹਮਦੇ ਆਏ। ਇਕ, ਉਹ ਰੂਪ ਜਿਸ ਦਾ ਵਧੇਰੇ ਸੰਬੰਧ ਭਾਵਾਂ ਨਾਲ ਹੈ-ਕਵਿਤਾ ਅਤੇ ਦੂਜਾ ਉਹ ਰੂਪ ਜਿਸ ਦਾ ਵਧੇਰੇ ਸੰਬੰਧ ਬੁੱਧੀ ਨਾਲ ਹੈ-ਵਾਰਤਕ। ਪੁਰਾਣਾ ਜ਼ਮਾਨਾ ਭਾਵ ਪ੍ਰਧਾਨ ਸੀ। ਪਦਾਰਥਕ ਤੋਟਾਂ ਨਾ ਹੋਣ ਕਰਕੇ ਮਨੁੱਖ ਨਿਸ਼ਚਿੰਤ ਹੋ ਕੁਦਰਤ ਅਤੇ ਆਪਣੇ ਅੰਦਰ ਦਾ ਰਸ ਲੈਂਦਾ ਭਾਵਾਂ ਦੇ ਖੰਭਾਂ ਤੇ ਉਡਾਰੀਆਂ ਲਾਉਂਦਾ ਫਿਰਦਾ ਸੀ। ਇਸੇ ਭਾਵ-ਮਈ ਜੀਵਨ ਨੇ ਕਾਵਿਮਈ ਸਾਹਿਤ ਨੂੰ ਜਨਮ ਦਿੱਤਾ ਅਤੇ ਕਵਿਤਾ ਉਸ ਯੁੱਗ ਦੀ ਪ੍ਰਧਾਨ ਕਲਾ ਬਣੀ।

ਭਾਈ ਕਾਨ੍ਹ ਸਿੰਘ ਨਾਭਾ ਦਾ ਸਾਹਿਤਕ ਜਗਤ ਵਿਚ ਆਗਮਨ ਕਵਿਤਾ ਲਿਖਣ ਨਾਲ ਹੀ ਹੋਇਆ, ਬਚਪਨ ਵਿੱਚ ਆਪਣੇ ਉਸਤਾਦ ਤੇ ਪ੍ਰਸਿੱਧ ਕਵੀ ਭਾਈ ਭਗਵਾਨ ਸਿੰਘ ਦੁੱਗਾਂ ਵਾਲਿਆਂ ਤੋਂ ਕਵਿਤਾ ਰਚਣ ਦਾ ਅਭਿਆਸ ਕੀਤਾ ਤੇ ਮੁੱਢ ਵਿਚ ਕਵਿਤਾ ਵੱਲ ਹੀ ਵਿਸ਼ੇਸ਼ ਧਿਆਨ ਦਿੱਤਾ। ਉਨ੍ਹਾਂ ਦੀ ਸਮੁੱਚੀ ਸਾਹਿਤਕ ਘਾਲਣਾ ਦੀ ਜੇਕਰ ਵਰਗ-ਵੰਡ ਕੀਤੀ ਜਾਵੇ, ਆਪ ਦੇ ਰਚਨਾ-ਕਾਲ ਦੇ ਤਿੰਨ ਵਿਕਾਸ ਪੜਾਅ ਬਣਦੇ ਹਨ, ਪਹਿਲਾ ਪੜਾਅ 1897 ਈ. ਤੱਕ ਦਾ ਹੈ। ਪਹਿਲੇ ਕਾਲ ਵਿਚ ਭਾਈ ਸਾਹਿਬ ਨੇ ਜੋ ਸਾਹਿਤਕ ਰਚਨਾ ਕੀਤੀ, ਉਹ ਪਰੰਪਰਾਵਾਦੀ ਰਿਵਾਜ ਦੇ ਅਨੁਸਾਰ ਬ੍ਰਜੀ ਦੇ ਅਸਰ ਅਧੀਨ ਕੀਤੀ। ਜੀਵਨ ਭਰ ਜੋ ਆਪ ਦੀ ਕਲਮ ਤੋਂ ਪੁਸਤਕ ਰੂਪ ਵਿਚ ਲਗਾਤਾਰ ਸਾਹਿਤਕ ਰਚਨਾ ਹੋਈ, ਉਸੀ ਦਾ ਵੇਰਵਾ ਸਮੇਂ ਕ੍ਰਮ ਅਨੁਸਾਰ ਇਸ ਪ੍ਰਕਾਰ ਹੈ:

ਭਾਈ ਸਾਹਿਬ ਰਚਿਤ ਧਾਰਮਿਕ ਸਾਹਿਤ ਤੋਂ ਪਤਾ ਲੱਗਦਾ ਹੈ ਕਿ ਉਹ ਗੁਰਮਤਿ ਦੇ ਪ੍ਰੋੜ ਵਿਆਖਿਆਕਾਰ ਤੇ ਧਰਮ ਸ਼ਾਸਤ੍ਰੀ (ਟਹੲੋਲੋਗੳਿਨ) ਸਨ। ਉਨ੍ਹਾਂ ਦਾ ਕਾਰਜ-ਖੇਤਰ, ਆਧਾਰ ਮੂਲਕ ਸਾਮਗ੍ਰੀ ਦੇ ਪੱਖੋਂ ਗੁਰਮਤਿ ਨਾਲ ਬੱਝਾ ਹੋਇਆ ਹੈ। ਗੁਰਬਾਣੀ ਸਿੱਖ ਪਰੰਪਰਾਵਾਂ ਤੇ ਸਿੱਖ ਇਤਿਹਾਸ ਉਨ੍ਹਾਂ ਦੀ ਲੇਖਣੀ ਦੇ ਵਿਸ਼ੇਸ਼ ਖੇਤਰ ਹਨ। ਦਰਅਸਲ ਉਨ੍ਹਾਂ ਦੀ ਨਜ਼ਰ ਵਿਚ ਜੋ ਪਾਠਕ ਸਮਾਜ ਮਰਯਾਦਾਵਾਂ ਦੇ ਨਿਰਮਾਣ ਲਈ ਰਚੀਆਂ ਗਈਆਂ ਛੇ ਪੁਸਤਕਾਂ, ਹਮ ਹਿੰਦੂ ਨਹੀਂ, ਗੁਰਮਤ-ਪ੍ਰਭਾਕਰ, ਗੁਰਮਤ-ਸੁਧਾਕਰ, ਗੁਰ ਗਿਰਾ ਕਸੌਟੀ, ਸੱਦ ਕਾ ਪਰਮਾਰਥ ਤੇ ਗੁਰੁਮਤ-ਮਾਰਤੰਡ, ਭਾਈ ਸਾਹਿਬ ਨੂੰ ਭਾਈ ਗੁਰਦਾਸ ਦੇ ਪਿੱਛੇ ਗੁਰਮਤਿ ਦਾ ਅਦੁੱਤੀ ਤੇ ਨਿਪੁੰਨ ਮਰਯਾਦਾ ਨਿਰਧਾਰਕ (ਚੋਦਡਿਇਰ) ਸਿੱਧ ਕਰਦੀਆਂ ਹਨ। ਭਾਈ ਸਾਹਿਬ ਨੇ ਆਦਿ ਗ੍ਰੰਥ ਬਾਣੀ ਦੀ ਵਿਆਖਿਆ ਨੂੰ ਵਿਗਿਆਨਕ ਸੇਧ ਪ੍ਰਦਾਨ ਕੀਤੀ। ਗੁਰਬਾਣੀ ਵਿਚਲੀ ਭਾਸ਼ਾ ਦੇ ਸ਼ਬਦਾਂ ਦੇ ਸਰਲ ਕਰਕੇ, ਅਧਿਆਪਕਾਂ, ਖੋਜੀਆਂ, ਪ੍ਰਚਾਰਕਾਂ ਤੇ ਸਾਧਾਰਨ ਪਾਠਕਾਂ ਲਈ ਵਡਮੁੱਲੀ ਸਹੂਲਤ ਪੈਦਾ ਕਰ ਦਿੱਤੀ।

ਭਾਈ ਸਾਹਿਬ ਨੇ ਮੈਕਸ ਆਰਥਰ ਮੈਕਾਲਫ ਵਰਗੇ ਪ੍ਰਸਿੱਧ ਲੇਖਕ ਨੂੰ ਗੁਰਬਾਣੀ ਤੇ ਸਿੱਖ ਇਤਿਹਾਸ ਦਾ ਬੋਧ ਕਰਵਾਇਆ ਤੇ ਖੁਦ ਉਸ ਪਾਸੋਂ ਅੰਗਰੇਜ਼ੀ ਲਿਖਾਰੀਆਂ ਵਾਲੀ ਨਿਪੁੰਨਤਾ ਸਿੱਖੀ। ਮੈਕਾਲਫ ਦੀ ਸੰਗਤ ਪਾ ਕੇ ਭਾਈ ਸਾਹਿਬ ਦੀ ਸੋਚ ਵਧੇਰੇ ਵਿਗਿਆਨਕ ਤੇ ਲੇਖਣੀ ਵਧੇਰੇ ਨਿਰਣਾਇਕ ਤੇ ਤੁਰਕਯੁਕਤ ਹੋ ਗਈ। ‘ਸੱਦ ਕਾ ਪਰਮਾਰਥ’ ਵਿਚ ਉਨ੍ਹਾਂ ਦੀ ਵਿਗਿਆਨਕ ਸੋਚ ਪ੍ਰਤੱਖ ਰੂਪ ਵਿਚ ਸਾਹਮਣੇ ਆਉਂਦੀ ਹੈ। ਇਸ ਦੇ ਰਚਣ ਦਾ ਮਨੋਰਥ ਅਨਮਤੀਆਂ ਦੇ ਗੁਰੂ ਸਾਹਿਬਾਨ ਦੀ ਤਾਲੀਮ ਤੇ ਵਿਹਾਰ ਬਾਰੇ ਸ਼ੰਕਿਆਂ ਨੂੰ ਦੂਰ ਕਰਨਾ ਤੇ ਗੁਰਮਤਿ ਦਾ ਗਾਡੀ ਰਾਹ ਦਰਸਾਉਣਾ ਸੀ। ਆਪ ਨੇ ਇਕ ਪਾਸੇ ਸਿੱਖ ਇਤਿਹਾਸ ਅਤੇ ਸਿੱਖ ਸਾਹਿਤ ਸੰਬੰਧੀ ਖੋਜ ਕਰਨੀ ਆਰੰਭ ਕੀਤੀ। ਉਸ ਸਮੇਂ ਆਪ ਦੇ ਕੁਝ ਹੋਰ ਸਮਕਾਲੀ ਲੇਖਕ ਵੀ ਸਿੱਖ ਸਾਹਿਤ ਦੀ ਖੋਜ ਤੇ ਪਹਿਚਾਣ ਕਰ ਰਹੇ ਸਨ, ਜਿਨ੍ਹਾਂ ਵਿਚ ਭਾਈ ਮੋਹਨ ਸਿੰਘ ਵੈਦ, ਗਿਆਨੀ ਲਾਲ ਸਿੰਘ, ਸਰਦੂਲ ਸਿੰਘ ਕਵੀਸ਼ਰ, ਕਰਮ ਸਿੰਘ ਹਿਸਟੋਰੀਅਨ, ਭਾਈ ਵੀਰ ਸਿੰਘ ਦੇ ਨਾਂ ਵਰਣਨਯੋਗ ਹਨ। ਸ਼ੁੱਧ ਗੁਰਬਾਣੀ ਦੇ ਆਸ਼ਿਆਂ ਅਨੁਸਾਰ ਜਿਹੜੀ ਰਚਨਾ ਪੂਰੀ ਨਹੀਂ ਉਤਰਦੀ, ਭਾਈ ਸਾਹਿਬ ਨੇ ਉਸਦੀ ਪਰਖ ਕੀਤੀ ਅਤੇ ਬੜੀ ਨਿਡੱਰਤਾ ਅਤੇ ਦਲੇਰੀ ਨਾਲ ਉਸ ਨੂੰ ਕੱਚੀ ਰਚਨਾ ਆਖਿਆ। ਏਸੇ ਪ੍ਰਕਰਣ ਵਿਚ ਆਪਨੇ ਗੁਰ ਬਿਲਾਸ ਪਾਤਸ਼ਾਹੀ 6, ਗੁਰ ਬਿਲਾਸ ਪਾਤਸ਼ਾਹੀ 10, ਗੁਰ ਪ੍ਰਤਾਪ ਸੂਰਜ, ਨਾਨਕ ਪ੍ਰਕਾਸ਼, ਸੌ ਸਾਖੀ, ਜਨਮ ਸਾਖੀਆਂ, ਰਹਿਤਨਾਮਿਆਂ ਵਿਚ ਗੁਰਬਾਦੀ ਸਿਧਾਂਤਾਂ ਤੋਂ ਉਲਟ ਮਨਘੜਤ ਸਾਖੀਆਂ ਦੀ ਸਖਤ ਆਲੋਚਨਾ ਕੀਤੀ। ਇਸ ਤਰ੍ਹਾਂ ਭਾਈ ਸਾਹਿਬ ਵਲੋਂ ਸਿੱਖ ਧਰਮ ਦੇ ਇਤਿਹਾਸਕਾਰ ਵਜੋਂ ਦਿੱਤਾ ਯੋਗਦਾਨ ਵੀ ਪ੍ਰਸ਼ੰਸਾਯੋਗ ਹੈ। ਭਾਈ ਸਾਹਿਬ ਨੇ ਗੁਰਮਤਿ ਸਿਧਾਂਤ ਤੇ ਪੂਰੀਆਂ ਨਾ ਉਤਰਨ ਵਾਲੀਆਂ ਰਚਨਾਵਾਂ ਨੂੰ ਗੁਰਬਾਣੀ ਦੇ ਬਰਾਬਰ ਦਰਜਾ ਨਾ ਦੇਣ ਦੀ ਵਕਾਲਤ ਕੀਤੀ ਹੈ ਜਿਵੇਂ ਕਿ ਰਾਗ ਮਾਲਾ ਆਦਿ।

ਆਪਣੇ ਵੱਲੋਂ ਕੀਤੇ ਨਿਰਣੇ ਦੇ ਹੱਕ ਵਿਚ ਭਾਈ ਸਾਹਿਬ ਨੇ ਵਿਵੇਕ ਅਤੇ ਤਰਕ ਸ਼ੈਲੀ ਤੋਂ ਕੰਮ ਲਿਆ। ਧਾਰਮਿਕ ਖੇਤਰ ਵਿਚ ਆਪ ਵਲੋਂ ਲਏ ਨਿਰਣੇ ਸਿੰਘ ਸਭਾ ਵਿਚਾਰਧਾਰਾ ਦੇ ਅਨੁਕੂਲ ਹਨ। ਸਮਾਜਕ ਸੁਧਾਰ ਅਤੇ ਮਾਨਵ-ਕਲਿਆਣ ਲਈ ਆਪ ਕੇਵਲ ਗੁਰਮਤਿ ਸਿਧਾਂਤਾਂ ਨੂੰ ਹੀ ਉਪਯੋਗੀ ਸਮਝਦੇ ਹਨ। ਆਪ ਸਪੱਸ਼ਟ ਲਿਖਦੇ ਹਨ ਕਿ ਗੁਰੂ ਪੰਥ ਹੀ ਇਕੋ ਇਕ ਜਥੇਬੰਦੀ ਹੈ ਜਿਸ ਵਿਚ ਜਾਤਾਂ ਪਾਤਾਂ, ਫਿਰਕੇ ਬੰਦੀਆਂ ਦਾ ਕੋਈ ਸਵਾਲ ਨਹੀਂ। ਭਾਈ ਸਾਹਿਬ ਅਨੁਸਾਰ ਸਮਾਜ ਵਿਚ ਜੋ ਹਨੇਰ ਤੇ ਅਗਿਆਨਤਾ ਹੈ, ਉਸਦਾ ਕਾਰਨ ਅਨਪੜ੍ਹਤਾ ਤੇ ਅੰਧਵਿਸ਼ਾਵਾਸ ਹੈ। ਡਾ. ਪਿਆਰ ਸਿੰਘ ਅਨੁਸਾਰ, ਭਾਈ ਸਾਹਿਬ ਦਾ ਕੰਮ ਮੁਸਲਮਾਨੀ ਜਗਤ ਦੇ ਪ੍ਰਸਿੱਧ ਦਾਰਸ਼ਨਿਕ ਇਮਾਮ ਅਬੂ ਹਮੀਦ ਮੁਹੰਮਦ ਅਲਗ਼ਜ਼ਾਲੀ ਦੀ ਵੰਨਗੀ ਦਾ ਕਿਹਾ ਜਾ ਸਕਦਾ ਹੈ। ਅਲਗ਼ਜ਼ਾਲੀ ਨੇ ਗਿਆਰ੍ਹਵੀਂ ਬਾਰ੍ਹਵੀਂ ਸਦੀ ਈਸਵੀ ਵਿਚ ਆਪਣੀ ਪ੍ਰਸਿੱਧ ਪੁਸਤਕ ਇਹਯਾਊ ਉਲੂਮਿਦ-ਦੀਨ ਵਿਚ ਮੁਸਲਮਾਨਾਂ ਦੇ ਪਰਮਾਰਥਕ ਤੇ ਸੰਸਾਰਕ ਜੀਵਨ ਨੂੰ ਸ਼ੁੱਧ ਮੁਸਲਮਾਈ ਲੀਹਾਂ ਉਤੇ ਚਲਾਉਣ ਲਈ ਪੂਰਨੇ ਪਾਏ ਸਨ।

ਕਿਸੇ ਵੀ ਧਰਮ ਚਿੰਤਨ ਦੇ ਸੁਤੰਤਰ ਧਰਮ ਪ੍ਰਸੰਗ ਲਈ ਉਸ ਧਰਮ ਦੇ ਧਰਮ ਸ਼ਾਸਤਰ ਦੀ ਸਥਾਪਤੀ ਲਾਜ਼ਮੀ ਪ੍ਰਵਾਨ ਕੀਤੀ ਜਾ ਚੁੱਕੀ ਹੈ। ਜਿਸ ਸਮੇਂ ਭਾਈ ਕਾਨ੍ਹ ਸਿੰਘ ਨੇ ਸਿੱਖ ਧਰਮ ਦੀ ਵਿਆਖਿਆ ਲਈ ਪੁਸਤਕਾਂ ਲਿਖੀਆਂ ਧਰਮ ਸ਼ਸਤਰ ਦੀ ਸਥਾਪਤੀ ਦੇ ਪੱਖੋਂ ਉਸ ਸਮੇਂ ਸਿੱਖ ਅਕਾਦਮਿਕਤਾ ਨੇ ਅਜੇ ਕੋਈ ਵਰਨਣਯੋਗ ਪੁਲਾਘਾਂ ਨਹੀਂ ਪੁੱਟੀਆਂ ਸਨ। ਜੋ ਵੀ ਖਿੰਡਵਾਂ ਪੁੰਡਵਾਂ ਕੰਮ ਹੋਇਆ ਸੀ, ਉਸ ਨੂੰ ਇਕ ਤਰਤੀਬ ਦੇ ਕੇ ਅੱਗੇ ਤੋਰਨ ਦਾ ਕੰਮ ਭਾਈ ਸਾਹਿਬ ਨੇ ਆਪਣੀਆਂ ਰਚਨਾਵਾਂ ਦੁਆਰਾ ਕੀਤਾ। ਗੁਰਮਤਿ ਦੇ ਉਭਰਦੇ ਸਿਧਾਂਤਾਂ ਨੂੰ ਦਰਸਾਣ ਦੇ ਨਾਲ-ਨਾਲ, ਗੁਰੂ-ਵਿਰੋਧੀਆਂ ਦੇ ਕਪਟ, ਨਿੰਦਾ ਰੁਚੀਆਂ ਦੀ ਨਿਖੇਧੀ ਕੀਤੀ ਅਤੇ ਉਤਮ ਸਦਾਚਾਰ ਵਾਲੇ ਗੁਰਮੁਖੀ ਜੀਵਨ ਦੀ ਵਿਆਖਿਆ ਕੀਤੀ।

ਧਰਮ ਸ਼ਾਸਤਰੀ ਪ੍ਰਬੰਧ ਦਾ ਮੁੱਖ ਉਦੇਸ਼ ਉਸ ਧਰਮ ਦੇ ਸਤਿ ਦੀ ਅਮਲ ਵਿਚ ਸਥਾਪਤੀ ਹੁੰਦੀ ਹੈ ਤੇ ਭਾਈ ਸਾਹਿਬ ਨੇ ਇਸ ਸਤਿ ਦੀ ਸਥਾਪਤੀ ਵਿਚ ਆਪਣੀਆਂ ਰਚਨਾਵਾਂ ਰਾਹੀਂ ਭਰਪੂਰ ਹਿੱਸਾ ਪਾਇਆ ਤੇ ਗੁਰੂ ਦੇ ਸਿੱਖਾਂ ਲਈ ਸਹੀ ਰੂਪ ਵਿਚ ਗੁਰਮਤਿ-ਬਿਬੇਕ ਨੂੰ ਸਾਹਮਣੇ ਲਿਆਂਦਾ ਹੈ। ਗੁਰਮਤਿ ਦੀ ਵਿਸ਼ਵਾਰਥੀ ਅਤੇ ਸੰਵਾਦੀ ਪਹੁੰਚ ਦਾ ਭਰਪੂਰ ਪ੍ਰਗਟਾਵਾ, ਭਾਈ ਕਾਨ੍ਹ ਸਿੰਘ ਰਚਿਤ ਧਾਰਮਿਕ ਸਾਹਿਤ ਵਿਚ ਮਿਲਦਾ ਹੈ।

ਭਾਈ ਕਾਨ੍ਹ ਸਿੰਘ ਸੰਨ 1883 ਈ. ਵਿਚ ਲਾਹੌਰ ਪਹੁੰਚੇ ਜੋ ਉਸ ਵੇਲੇ ਸਿੱਖ ਰਾਜਨੀਤੀ ਦਾ ਗਹਿ-ਗੱਚ ਕੇਂਦਰ ਸੀ। ਪਹੁੰਚਦਿਆਂ ਹੀ ਆਪ ਨੂੰ ਗੁਰਦੁਆਰਾ ਡੇਹਰਾ ਸਾਹਿਬ ਵਿਚ ਕਥਾ ਕਰਨ ਦੀ ਸਹੂਲਤ ਮਿਲ ਗਈ, ਜਿਸ ਤੋਂ ਆਪ ਪ੍ਰੋ. ਗੁਰਮੁਖ ਸਿੰਘ ਦੀ ਨਿਗਾਹ ਵਿਚ ਚੜ੍ਹ ਗਏ। ਉਸ ਵੇਲੇ ਪ੍ਰੋਫੈਸਰ ਸਾਹਿਬ ਸਿੱਖ ਸਿਆਸੀ ਚੇਤਨਾ ਦੇ ਉਨ੍ਹਾਂ ਮੋਹਰੀ ਘਾੜਿਆਂ ਵਿਚੋਂ ਸਨ ਜੋ ਆਪਣੇ ਸਹਿ-ਧਰਮੀਆਂ ਦੀ ਧਾਰਮਿਕ-ਸਮਾਜਕ ਦੁਰਦਸ਼ਾ ਨੂੰ ਛੇਤੀ ਤੋਂ ਛੇਤੀ ਸੁਧਾਰਨ ਲਈ ਉਤਸੁਕ ਸਨ। ਸਮਾਜ ਸੁਧਾਰ ਦੇ ਮੰਤਵ ਨੂੰ ਸਫਲ ਬਣਾਉਣ ਲਈ ਪ੍ਰੋਫੈਸਰ ਸਾਹਿਬ ਨੇ ਭਾਈ ਕਾਨ੍ਹ ਸਿੰਘ ਨੂੰ ਉਤਸ਼ਾਹਿਤ ਕੀਤਾ, ਜਿਸ ਸਦਕਾ ਭਾਈ ਸਾਹਿਬ ਦਾ ਧਿਆਨ ਧਾਰਮਿਕ ਵਿਸ਼ਿਆਂ ਦੇ ਨਾਲ-ਨਾਲ ਸਮਾਜਕ ਵਿਸ਼ਿਆਂ ਵੱਲ ਵੀ ਹੋਇਆ।

ਮਹਾਰਾਜਾ ਹੀਰਾ ਸਿੰਘ ਦੀ ਸੇਵਾ ਨੇ ਭਾਈ ਸਾਹਿਬ ਨੂੰ ਸੁਚੱਜੀ ਤੇ ਨਵੇਂ ਢੰਗ ਦੀ ਵਿਉਹਾਰਕ ਲੋਕ ਸੋਚਣੀ ਦਾ ਜਾਣੂ ਕਰਵਾਇਆ। ਜੀਵਨ ਦੇ ਮੁੱਢਲੇ ਵਿਕਾਸਸ਼ੀਲ ਵਰ੍ਹਿਆਂ ਵਿਚ ਟਿੱਕਾ ਰਿਪੁਦਮਨ ਸਿੰਘ ਦੇ ਸਿੱਖਿਆਕਾਰ ਹੋਣ ਦੇ ਅਵਸਰ ਨੇ ਗੂੜ ਵਿਸ਼ਿਆਂ ਨੂੰ ਵਿਚਾਰਨ ਅਤੇ ਬਹੁਪੱਖੀ ਗਿਆਨ ਰਾਹੀਂ ਪ੍ਰਕਾਸ਼ਣ ਦਾ ਚੱਜ ਸਿਖਾਇਆ।

ਨਾਭਾ ਦਰਬਰ ਦੇ ਰਾਜਕੁਮਾਰ ਆਮ ਤੌਰ ਤੇ ਨੇਕ ਅਤੇ ਸੰਜਮੀ ਹੁੰਦੇ ਆਏ ਸਨ, ਪਰੰਤੂ ਜ਼ਮਾਨਾ ਕੁਝ ਐਸਾ ਸੀ, ਜਿਸ ਵਿਚ ਹਰ ਸਿਆਸਤ ਦੇ ਅਹਿਲਕਾਰਾਂ ਵਿਚੋਂ ਕੁਝ ਇਕ ਖੁਸ਼ਾਮਦੀ ਅਤੇ ਖੁਦਗਰਜ਼ ਕਿਸਮ ਦੇ ਲੋਕ ਮਹਾਰਾਜ ਕੁਮਾਰਾਂ ਨੂੰ ਸਿਰਫ ਐਸ਼-ਪ੍ਰਸਤੀ ਦੀ ਜ਼ਿੰਦਗੀ ਵੱਲ ਹੀ ਪ੍ਰੇਰਣਾ ਦਿੰਦੇ ਸਨ। ਉਨ੍ਹਾਂ ਦਾ ਨਿਸ਼ਾਨਾ ਰਾਜਕੁਮਾਰ ਨੂੰ ਆਪਣੇ ਹੱਥੀਂ ਪਾ ਕੇ ਰਾਜ-ਕਾਜ ਵਿਚ ਦਖਲ ਕਰ ਲੈਣਾ ਅਤੇ ਉਸਦੀ ਅਯਾਸ਼ੀ ਦਾ ਲਾਹਾ ਲੈਣਾ ਹੁੰਦਾ ਸੀ। ਮਹਾਰਾਜਾ ਹੀਰਾ ਸਿੰਘ ਇਨ੍ਹਾਂ ਕਮਜ਼ੋਰੀਆਂ ਦਾ ਭੇਤੀ ਸੀ, ਉਸਨੇ ਆਪਣੇ ਵਾਰਿਸ (ਟਿੱਕਾ ਰਿਪੁਦਮਨ ਸਿੰਘ) ਨੂੰ ਇਨ੍ਹਾਂ ਕਮਜ਼ੋਰੀਆਂ ਤੋਂ ਦੂਰ ਰੱਖਣ ਦੀ ਜ਼ਿੰਮੇਵਾਰੀ ਭਾਈ ਕਾਨ੍ਹ ਸਿੰਘ ਨੂੰ ਸੌਂਪੀ। ਆਪਣੇ ਸ਼ਾਗਿਰਦ ਟਿੱਕਾ ਰਿਪੁਦਮਨ ਸਿੰਘ (ਪਿੱਛੋਂ ਮਹਾਰਾਜਾ) ਨੂੰ ਆਦਰਸ਼ਵਾਦੀ ਆਚਰਣਕ ਸਿੱਖਿਆ ਦੇਂਦੇ ਹੋਏ ਮਹਾਰਾਜਾ ਹੀਰਾ ਸਿੰਘ ਦੀ ਪ੍ਰੇਰਣਾ ਸਦਕਾ ਭਾਈ ਸਾਹਿਬ ਦਾ ਝੁਕਾਅ ਮਾਨਵਵਾਦੀ ਅਤੇ ਸਦਾਚਾਰਕ ਸਾਹਿਤ ਵੱਲ ਹੋਇਆ।

ਸਿੰਘ ਸਭਾ ਲਹਿਰ, ਪ੍ਰੋ. ਗੁਰਮੁਖ ਸਿੰਘ ਅਤੇ ਮਹਾਰਾਜ ਹੀਰਾ ਸਿੰਘ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਭਾਈ ਸਾਹਿਬ ਨੇ ਸਮਾਜ ਸੁਧਾਰ ਦੇ ਕਾਰਜ ਨੂੰ ਸਾਹਮਣੇ ਰੱਖ ਕੇ, ਠੱਗ ਲੀਲ੍ਹਾ (1899 ਈ.) ਅਤੇ ਸ਼ਰਾਬ ਨਿਸ਼ੇਧ (1907 ਈ.) ਪੁਸਤਕਾ ਦੀ ਰਚਨਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਜਿਹੜੀਆਂ ਕਿ ਉਸ ਸਮੇਂ ਵੱਖ-ਵੱਖ ਅਖਬਾਰਾਂ ਅਤੇ ਮੈਗਜ਼ੀਨਾਂ ਵਿਚ ਛਪੀਆਂ ਮਿਲਦੀਆਂ ਹਨ ਅਤੇ ਭਾਈ ਸਾਹਿਬ ਦੀਆਂ ਨਿੱਜੀ ਡਾਇਰੀਆਂ (ਅਪ੍ਰਕਾਸ਼ਿਤ) ਵਿਚ ਵੀ ਸਮਾਜ ਸੁਧਾਰਕ ਅੰਸ਼ ਮਿਲਦਾ ਹੈ। ਇਸ ਤੋਂ ਇਲਾਵਾ ਭਾਈ ਸਾਹਿਬ ਦੀਆਂ ਸਮੁੱਚੀਆਂ ਰਚਨਾਵਾਂ ਵਿਚ ਵੀ ਕਿਤੇ ਨਾ ਕਿਤੇ ਖਿੰਡਵੇ ਰੂਪ ਵਿਚ ਸਮਾਜਕ ਅਤੇ ਸੁਧਾਰਵਾਦੀ ਅੰਸ਼ ਵੇਖਣ ਨੂੰ ਮਿਲਦਾ ਹੈ।

ਧਰਮ ਤੇ ਸਮਾਜ ਮਾਨਤਾਵਾਂ ਦੇ ਦੋ ਵਿਸ਼ੇਸ਼ ਅੰਗ ਹਨ। ਸਾਹਿਤਕਾਰ ਆਪਣੇ ਸਮੇਂ ਦੀ ਸਮਾਜਕ ਦਸ਼ਾ ਤੋਂ ਸਦਾ ਚੇਤੰਨ ਰਹਿੰਦਾ ਹੈ। ਭਾਈ ਸਾਹਿਬ ਨੇ ਜਿੰਨ੍ਹਾਂ ਸਮਾਜਕ ਕੁਰੀਤੀਆਂ ਤੋਂ ਸਮਾਜ ਨੂੰ ਮੁਕਤ ਕਰਾਉਣ ਦੀ ਕੋਸ਼ਿਸ਼ ਕੀਤੀ, ਉਨ੍ਹਾਂ ਕੁਰੀਤੀਆਂ ਦੀ ਜਕੜ ਤੋਂ ਸਮਾਜ ਹੁਣ ਤੱਕ ਮੁਕਤ ਨਹੀਂ ਹੋ ਸਕਿਆ। ਇਸ ਲਈ ਅਜਿਹੇ ਸਾਹਿਤ ਦੀ, ਸਮਾਜ ਨੂੰ ਨਸ਼ਿਆਂ, ਵਹਿਮਾਂ ਭਰਮਾਂ, ਫਜੂਲ ਕਰਮ ਕਾਂਡਾਂ ਤੋਂ ਮੁਕਤ ਕਰਾਉਣ ਲਈ ਅੱਜ ਵੀ ਉਤਨੀ ਹੀ ਜ਼ਰੂਰਤ ਹੈ, ਜਿਤਨੀ ਇਸਦੇ ਰਚੇ ਜਾਣ ਦੇ ਸਮੇਂ ਸੀ। ਭਾਈ ਸਾਹਿਬ ਵਿਚ ਧਰਮ ਤੇ ਸਮਾਜ ਭਾਵਨਾ ਮੌਜੂਦ ਸੀ। ਉਹ ਉਨ੍ਹਾਂ ਚੌਣਵੇਂ ਲੇਖਕਾਂ ਵਿਚੋਂ ਸਨ, ਜਿਨ੍ਹਾਂ ਵਿਚ ਪੁਰਾਤਨਤਾ ਅਤੇ ਆਧੁਨਿਕਤਾ ਦਾ ਸੁਮੇਲ ਹੋਇਆ ਅਤੇ ਜਿਨ੍ਹਾਂ ਨੇ ਇਸ ਸੁਮੇਲ ਦੇ ਫਲਸਰੂਪ ਪਰਿਵਰਤਨ ਕਾਲ ਦਾ ਸਾਹਿਤ ਸਿਰਜਿਆ।

ਸਿੱਖ ਸਿਧਾਂਤਾਂ ਨੂੰ ਸਪਸ਼ਟ ਕਰਨ ਲਈ ਭਾਈ ਸਾਹਿਬ ਨੇ ਕੋਸ਼ ਰੀਤੀ ਅਨੁਸਾਰ ਗੁਰਮਤ ਪ੍ਰਭਾਕਰ ਤੇ ਗੁਰੁਮਤ-ਸੁਧਾਕਰ ਗ੍ਰੰਥ ਤਿਆਰ ਕੀਤੇ, ਫਿਰ ਇਨ੍ਹਾਂ ਗ੍ਰੰਥਾਂ ਨਾਲ ਗੁਰੂ ਗਿਰਾ ਕਸੌਟੀ ਅਣਛਪੇ ਗ੍ਰੰਥ ਦੀ ਸਮੱਗਰੀ ਮਿਲਾਕੇ, ਇਕ ਉਤਮ ਗ੍ਰੰਥ ਗੁਰੁਮਤ-ਮਾਰਤੰਡ (1938 ਈ.) ਦੀ ਰਚਨਾ ਕੀਤੀ, ਇਸ ਨੂੰ ਗੁਰਬਾਣੀ ਦਾ ਵਿਸ਼ਾ ਕੋਸ਼ ਕਿਹਾ ਜਾ ਸਕਦਾ ਹੈ। ਵਿਦਿਆਰਥੀਆਂ ਤੇ ਸਾਹਿਤ ਪ੍ਰੇਮੀਆਂ ਦੇ ਲਾਭ ਹਿਤ, ਕਵੀ ਨੰਦ ਦਾਸ ਜੀ ਦੇ ਤਿਆਰ ਕੀਤੇ ਪ੍ਰਸਿੱਧ ਕੋਸ਼ਾਂ ‘ਅਨੇਕਾਰਥ ਕੋਸ਼ ਤੇ ਨਾਮਮਾਲਾ ਕੋਸ਼’ ਦੀ ਸੁਧਾਈ ਕੀਤੀ ਤੇ ਲੋੜ ਅਨੁਸਾਰ ਵਾਧੇ ਕਰਕੇ ਕ੍ਰਮਵਾਰ 1925 ਈ. ਤੇ 1938 ਈ. ਵਿੱਚ ਪ੍ਰਕਾਸ਼ਿਤ ਹੋਣ ਦੇ ਯੋਗ ਬਣਾਏ।

ਪੰਜਾਬੀ ਕੋਸ਼ਕਾਰੀ ਵਿਚ ਵਿਸ਼ਵ-ਕੋਸ਼ ਦੇ ਨਾਂ ਨਾਲ ਪਛਾਣੀ ਜਾਣ ਵਾਲੀ ਪਹਿਲੀ ਕਿਰਤ ਭਾਈ ਕਾਨ੍ਹ ਸਿੰਘ ਨਾਭਾ ਦੁਆਰਾ ਰਚਿਤ ਗੁਰਸ਼ਬਦ ਰਤਨਾਕਮ ਮਹਾਨਕੋਸ਼ ਹੈ। ਇਸ ਕੋਸ਼ ਦੀ ਤਿਆਰੀ ਦਾ ਕੰਮ 1900 ਈ. ਵਿਚ ਬੀਜ-ਰੂਪ ਵਿਚ ਆਰੰਭ ਹੋ ਗਿਆ ਸੀ, ਜਦੋਂ ਭਾਈ ਕਾਨ੍ਹ ਸਿੰਘ ਨਾਭਾ ਨੇ ਪ੍ਰਾਪਤ ਗੁਰ ਗਿਰਾਰਥ ਕੋਸ਼ (ਰਚਿਤ ਪੰਡਿਤ ਤਾਰਾ ਸਿੰਘ ਨਰੋਤਮ) ਅਤੇ ਸ੍ਰੀ ਗੁਰੂ ਗ੍ਰੰਥ ਕੋਸ਼ (ਰਚਿਤ ਭਾਈ ਹਜ਼ਾਰਾ ਸਿੰਘ) ਵਿਚ ਦਰਜ ਹੋਣੋ ਰਹਿ ਗਏ ਸ਼ਬਦਾਂ ਦਾ ਕੋਸ਼ ਤਿਆਰ ਕਰਨ ਦੀ ਯੋਜਨਾ ਬਣਾਈ। ਇਸ ਕੋਸ਼ ਲਈ ਇੱਕਤਰ ਸਮੱਗਰੀ ਦਾ ਜਦੋਂ ਸੰਪਾਦਨ ਤੇ ਸੰਕਲਨ ਹੋਣ ਲੱਗਾ ਤਾਂ ਇਨਸਾਈਕਲੋਪੀਡੀਅਆ ਬ੍ਰਿਟਾਨਿਕਾ ਨੇ ਭਾਈ ਸਾਹਿਬ ਨੂੰ ਬਹੁਤ ਪ੍ਰੇਰਿਆ ਤੇ ਪ੍ਰਭਾਵਿਤ ਕੀਤਾ ਅਤੇ ਉਨ੍ਹਾਂ ਨੇ ਫੈਸਲਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦਾ ਕੋਸ਼ ਤਿਆਰ ਕਰਨ ਦੀ ਥਾਂ ਸਿੱਖ ਸਾਹਿਤ ਦਾ ਕੋਸ਼ ਤਿਆਰ ਕੀਤਾ ਜਾਵੇ।ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਇਸ ਯਤਨ ਦੇ ਸਿੱਟੇ ਵਜੋਂ ਸਿਰਜਿਆ ਗਿਆ। ਵਿਗਿਆਨਕ ਲੀਹਾਂ ਉਤੇ ਤਿਆਰ ਕੀਤੇ ਗਏ ਇਸ ਅਦੁੱਤੀ ਹਵਾਲਾ ਗ੍ਰੰਥ ਲਈ ਭਾਈ ਸਾਹਿਬ ਨੂੰ 14-15 ਸਾਲ ਦੀ ਕਠਿਨ ਤਪੱਸਿਆ ਅਤੇ ਅਣਥੱਕ ਮਿਹਨਤ ਕਰਨੀ ਪਈ। ਇਸ ਨੂੰ ਲਿਖਣਾ ਸੰਨ 1912 ਵਿਚ ਅਰੰਭ ਕੀਤਾ, ਸੰਨ 1926 ਵਿਚ ਮੁਕੰਮਲ ਹੋਇਆ ਅਤੇ ਸੰਨ 1930 ਈ. ਵਿਚ ਦਰਬਾਰ ਪਟਿਆਲਾ ਵਲੋਂ ਛਾਪ ਕੇ ਪ੍ਰਕਾਸ਼ਿਤ ਕੀਤਾ ਗਿਆ। ਪਹਿਲੇ ਐਡੀਸ਼ਨ ਦੀਆਂ ਕਾਪੀਆਂ ਖਤਮ ਹੋਣ ਤੋਂ ਬਾਅਦ ਇਸ ਨੂੰ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਨੇ ਇਸ ਦੇ ਆਕਾਰ ਨੂੰ ਸੰਖੇਪ ਕਰਕੇ ਛਪਵਾਇਆ। ਕੋਸ਼ ਦੇ ਅਖੀਰ ਵਿਚ ਬਹੁਤ ਸਾਰੇ ਨਵੇਂ ਵਾਧੇ (ਜੋ ਭਾਈ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਅੰਤਲੇ ਦਿਨਾਂ ਵਿਚ ਇੱਕਠੇ ਕੀਤੇ ਸਨ) ਕ੍ਰਮ ਅਨੁਸਾਰ ਅੰਤਿਕਾ ਵਿਚ ਦਿੱਤੇ ਗਏ ਹਨ।

ਭੂਮਿਕਾ ਵਿਚ ਭਾਈ ਸਾਹਿਬ ਨੇ ਦੱਸਿਆ ਹੈ ਕਿ ਸੰਮਤ 1963 ਵਿਚ ਮੈਂ ਦਸਮ ਗ੍ਰੰਥ ਦਾ ਪਾਠ ਸ਼ੁਰੂ ਕੀਤਾ ਅਤੇ ਉਸਦੀ ਸਮਾਪਤੀ ਪਿਛੋਂ ਭਾਈ ਗੁਰਦਾਸ ਜੀ ਦੀ ਬਾਣੀ, ਭਾਈ ਨੰਦ ਲਾਲ ਜੀ ਦੀ ਰਚਨਾ, ਸਰਵਲੋਹ ਪ੍ਰਕਾਸ਼, ਗੁਰੁ ਸ਼ੋਭਾ, ਭਾਈ ਮਨੀ ਸਿੰਘ ਜੀ ਦੀਆਂ ਸਾਖੀਆਂ, ਗੁਰਮਹਿਮਾਪ੍ਰਕਾਸ਼, ਗੁਰਵਿਲਾਸ, ਗੁਰਨਾਨਕਪ੍ਰਕਾਸ਼, ਗੁਰਪ੍ਰਤਾਪਸੂਰਯ, ਪੰਥ ਪ੍ਰਕਾਸ਼, ਜਨਮ ਸਾਖੀਆਂ, ਗੁਰਪਦਪ੍ਰੇਮਪ੍ਰਕਾਸ਼, ਰਹਿਤਨਾਮੇ, ਗੁਰਬਾਣੀ ਦੇ ਟੀਕੇ ਅਤੇ ਅਨੇਕ ਇਤਿਹਾਸ ਯਥਾਕ੍ਰਮ ਪੜ੍ਹ ਕੇ ਸ਼ਬਦ ਨੋਟ ਕੀਤੇ ਅਤੇ ਸ਼ਬਦ ਗਯਾਨ ਸੰਬੰਧੀ ਸਾਰੇ ਅੰਗਾਂ ਤੇ ਪੂਰਣ ਵਿਚਾਰ ਕਰਕੇ ਸਮੇਂ-ਸਮੇਂ ਪੁਰ ਸ਼ਿਰੋਮਣਿ ਵਿਦਵਾਾਂ ਨਾਲ ਸੰਮਤਿ ਮਿਲਾ ਕੇ ਅਨੇਕ ਸ਼ਬਦਾਂ ਦੇ ਯਥਾਰਥ ਅਰਥ ਅਤੇ ਭਾਵ ਲੱਭਣ ਵਿਚ ਸਫਲਤਾ ਪ੍ਰਾਪਤ ਕੀਤੀ। ਮਹਾਨ ਕੋਸ਼ ਵਿਚ ਬਨਸਪਤੀ, ਔਸ਼ਧਾਂ, ਛੰਦਾਂ, ਸੰਗੀਤ ਆਦਿ ਸੰਕੇਤਾਂ ਦੀ ਮੁਫ਼ੀਦ ਵਿਆਖਿਆ ਦੇ ਨਾਲ ਨਾਲ ਗੁਰਦੁਆਰਿਆਂ, ਜੁਗਰਾਫੀਏ, ਸਾਇੰਸ, ਇਤਿਹਾਸਕ ਨਾਵਾਂ ਅਤੇ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਸ਼ਬਦ ਅਤੇ ਹਵਾਲੇ ਲੈ ਕੇ ਉਨ੍ਹਾਂ ਦੀ ਵਿਸਤ੍ਰਿਤ ਵਿਆਖਿਆ ਕੀਤੀ।

ਸਾਰਾਂਸ਼ ਵਜੋਂ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਕੋਸ਼ਾਂ ਵਿਚ ਭਾਈ ਸਾਹਿਬ ਨੇ ਮਹਾਨਕੋਸ਼ ਨੂੰ ਇਕ ਅਜਿਹੀ ਪਾਏ ਦਾਰ ਰਚਨਾ ਵਜੋਂ ਪੇਸ਼ ਕੀਤਾ ਕਿ ਪਠਕ ਇਸ ਤੋਂ ਸਿਰਫ ਸ਼ਬਦਾਂ ਦੇ ਅਰਥ ਹੀ ਗ੍ਰਹਿਣ ਨਹੀਂ ਕਰਦੇ, ਸਗੋਂ ਅਰਥਾਂ ਦਾ ਇਤਿਹਾਸਕ ਪਿਛੋਕੜ, ਵਿਕਾਸ ਅਤੇ ਵਿਸਤਰਿਤ ਵਿਆਖਿਆ ਦਾ ਸੁਮੇਲ ਅਤੇ ਸ਼ਬਦ ਕੋਸ਼ ਨਾਲੋਂ ਵਿਸ਼ਵਕੋਸ਼ ਪੱਖੀ ਹੋਣ ਕਰਕੇ ਇਸਦਾ ਮਹੱਤਵ ਬਹੁਤ ਜ਼ਿਆਦਾ ਹੈ। ਮਹਾਨਕੋਸ਼ ਵਿਚ ਪੱਛਮੀ ਵਿਗਿਆਨਕ ਪੱਧਤੀ ਨੂੰ ਅਪਨਾਉਣ ਕਰਕੇ ਜਿਥੇ ਇਸ ਨੂੰ ਮਹਾਨ ਗ੍ਰੰਥ ਦਾ ਰੁਤਬਾ ਹਾਸਲ ਹੈ, ਉਥੇ ਇਸ ਵਿਚ ਦੇਸੀ ਅਤੇ ਵਿਦੇਸ਼ੀ ਭਾਸ਼ਾਵਾਂ ਦੇ ਹਜ਼ਾਰਾਂ ਸ਼ਬਦਾਂ ਦੀ ਵਿਆਖਿਆ ਇਸ ਦੀ ਮਹਾਨਤਾ ਵਿਚ ਹੋਰ ਵਾਧਾ ਕਰਦੀ ਹੈ।

ਭਾਈ ਸਾਹਿਬ ਰਚਿਤ ਸਾਹਿਤ ਵਿਚ ਅਨੇਕ ਪ੍ਰਕਾਰ ਦੀ ਵੰਨਗੀ ਦੇਖੀ ਜਾ ਸਕਦੀ ਹੈ। ਉਨ੍ਹਾਂ ਨੇ ਟੀਕਾਕਾਰੀ ਦੁਆਰਾ ਵੀ ਆਪਣੇ ਸਾਹਿਤਕ ਸਭਿਆਚਾਰਕ ਵਿਰਸੇ ਨੂੰ ਭਰਪੂਰ ਕਰਨ ਦੇ ਯਤਨ ਕੀਤੇ। ਟੀਕਾਕਾਰੀ ਮੂਲ ਰਚਨਾ ਤੋਂ ਮੂਲ ਰਚੈਤਾ ਦੀ ਆਤਮਾ ਤੱਕ ਦਾ ਸਫਰ ਹੈ। ਇਹ ਸਫ਼ਰ ਕੋਈ ਆਸਾਨ ਕੰਮ ਨਹੀਂ। ਮੂਲ ਰਚੈਤਾ ਲਈ ਆਮ ਤੌਰ ਤੇ ਸਭ ਤੋਂ ਛੋਟੀ ਇਕਾਈ ਸ਼ਬਦ ਹੀ ਹੁੰਦਾ ਹੈ। ਕਿਸੇ ਸ਼ਬਦ ਦੀ ਵਰਤੋਂ ਕਰਦੇ ਸਮੇਂ ਮੂਲ ਰਚੈਤਾ ਦੇ ਮਨ ਵਿਚ ਉਸਦੇ ਕੀ ਅਰਥ ਹਨ, ਇਹ ਜਾਣ ਲੈਣਾ ਕਾਫੀ ਕਠਿਨ ਹੈ।

ਸਹੀ ਅਰਥ ਕਰਨ ਲਈ ਟੀਕਾਕਾਰ ਨੂੰ ਕਈ ਪ੍ਰਕਾਰ ਦਾ ਗਿਆਨ ਹੋਣਾ ਆਵੱਸ਼ਕ ਮੰਨਿਆ ਗਿਆ ਹੈ, ਜਿਵੇਂ ਉਸ ਭਾਸ਼ਾ ਤੇ ਵਿਆਕਰਣ ਦਾ ਗਿਆਨ, ਸ਼ਬਦਾਂ ਦੇ ਅਰਥਗਤ ਤੇ ਭਾਸ਼ਾ ਵਿਗਿਆਨਗਤ ਇਤਿਹਾਸ ਦਾ ਗਿਆਨ, ਲੇਖਕ ਦੀਆਂ ਹੋਰ ਰਚਨਾਵਾਂ ਵਿਚ ਹੋਏ ਸ਼ਬਦਾਂ ਦੇ ਅਰਥਗਤ ਤੇ ਭਾਸ਼ਾ ਵਿਗਿਆਨਗਤ ਇਤਿਹਾਸ ਦਾ ਗਿਆਨ, ਲੇਖਕ ਦੀਆਂ ਹੋਰ ਰਚਨਾਵਾਂ ਵਿਚ ਹੋਏ ਸ਼ਬਦਾਂ ਦੇ ਵਿਸ਼ਿਸ਼ਟ ਪ੍ਰਯੋਗਾਂ ਦੀ ਜਾਣਕਾਰੀ।

ਇਸ ਲਈ ਟੀਕਾਕਾਰ ਨੂੰ ਨਾ ਕੇਵਲ ਬਹੁਪੱਖੀ ਗਿਆਨ ਹੋਣਾ ਚਾਹੀਦਾ ਹੈ, ਸਗੋਂ ਸ਼ਬਦ ਦੇ ਅਰਥ ਦੀ ਏਕਤਾ ਪਿਛੇ ਛੁਪੀ ਅਨੇਕਤਾ ਨੂੰ ਦੇਖ ਸਕਣ ਲਈ ਦੂਰ ਦ੍ਰਿਸ਼ਟੀ ਅਤੇ ਉਸਨੂੰ ਪ੍ਰਗਟ ਕਰ ਸਕਣ ਦੀ ਸਮੱਰਥਾ ਵੀ ਚਾਹੀਦੀ ਹੈ। ਡਾ. ਪਿਆਰ ਸਿੰਘ ਅਨੁਸਾਰ, ਭਾਈ ਕਨ੍ਹ ਸਿੰਘ ਨਾਭਾ ਨੇ ਹੰਸ ਬਿਬੇਕ ਦੀ ਰੁਚੀ ਮੁੱਢ ਤੋਂ ਹੀ ਪੈਦਾ ਕਰ ਲਈ ਹੋਈ ਸੀ। ਇਸ ਦਾ ਸੰਕੇਤ ਸਾਨੂੰ ਉਨ੍ਹਾਂ ਦੀ ਮੁੱਢਲੀ ਰਚਨਾ ‘ਨਾਟਕ ਭਾਵਾਰਥ ਦੀਪਕਾ’ ਦੀ ਭੂਮਿਕਾ ਤੋਂ ਮਿਲਦਾ ਹੈ। ਸੰਪੂਰਨਤਾ ਤੇ ਨਿਸ਼ਚਿਤਤਾ ਦੀ ਭਾਲ ਨੇ ਉਨ੍ਹਾਂ ਨੂੰ ਹਰ ਗੱਲ ਦੇ ਮੂਲ ਤੱਕ ਪਹੁੰਚਣ ਤੇ ਇਤਿਹਾਸਕ ਪ੍ਰਸੰਗ ਵਿਚ ਵੇਖਣ ਦੀ ਆਦਤ ਪਾ ਦਿੱਤੀ ਸੀ। ਭਾਈ ਸਾਹਿਬ ਪੰਜਾਬੀ ਦੇ ਪਰਿਵਰਤਨ ਕਾਲ ਦੇ ਸਿਰਮੋਰ ਟੀਕਾਕਾਰਾਂ ਵਿਚੋਂ ਹਨ, ਜਿਨ੍ਹਾਂ ਸਰਲ ਪੰਜਾਬੀ ਬੋਲੀ ਵਿਚ ਸੌਖੇ ਪਦ-ਅਰਥ, ਤੁਕ-ਅਰਥ ਅਤੇ ਸਮੁੱਚਾ ਭਾਵ-ਅਰਥ ਕਰਕੇ ਟੀਕਾਕਾਰੀ ਦੇ ਖੇਤਰ ਵਿਚ ਨਵੀਆਂ ਤੇ ਸੁਚੱਜੀਆਂ ਲੀਹਾਂ ਪਾਈਆਂ ਜਿਸ ਨਾਲ ਪਾਠਕਾਂ ਲਈ ਗੁਰਬਾਣੀ ਦੇ ਸ਼ਬਦਾਂ ਅਤੇ ਤੁਕਾਂ ਦੇ ਵਿਆਕਰਣਿਕ ਸੰਬੰਧਾਂ ਨੂੰ ਸਮਝਣ ਦੀ ਸੌਖ ਹੋ ਗਈ। ਟੀਕਾਕਾਰੀ ਦੇ ਖੇਤਰ ਵਿਚ ਭਾਈ ਸਾਹਿਬ ਨੇ ਜਿੰਨੀ ਸਾਹਿਤਕ ਸੇਵਾ ਕੀਤੀ ਉਹ ਇਸ ਪ੍ਰਕਾਰ ਹੈ:

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਯਾਯ (1884 ਈ.), ਨਾਟਕ ਭਵਾਰਥ ਦੀਪਕਾ (1897 ਈ.), ਟੀਕਾ ਜੈਮਨੀ ਅਸਵਮੇਧ (1896 ਈ.), ਸੱਦ ਕਾ ਪਰਮਾਰਥ (1901 ਈ.), ਟੀਕਾ ਵਿਸ਼ਨੁ ਪੋਰਾਣ (1903 ਈ.), ਚੰਡੀ ਦੀ ਵਾਰ ਸਟੀਕ (1935 ਈ.), ਫਰੀਦਕੋਟੀ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ (ਸੁਧਾਈ 1915 ਈ.) ਆਦਿ।

ਜਿਨ੍ਹਾਂ ਦਿਨਾਂ ਵਿਚ ਭਾਈ ਕਾਨ੍ਹ ਸਿੰਘ ਲਾਹੌਰ ਡੇਰਾ ਸਾਹਿਬ ਗੁਰਦੁਆਰੇ ਵਿਖੇ, ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਕਰਦੇ, ਪ੍ਰੋ. ਗੁਰਮੁਖ ਸਿੰਘ ਸ੍ਰੋਤਿਆਂ ਵਿਚ ਬੈਠੇ ਬੜੇ ਪ੍ਰਭਾਵਿਤ ਹੁੰਦੇ। ਉਨ੍ਹਾਂ ਨੂੰ ਓਰੀਐਂਟਲ ਕਾਲਜ ਵਿਚ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸਮੇਂ, ਅਰਥਾਂ ਦੀ ਗਹਿਰਾਈ ਤੱਕ ਜਾਣ ਦੀ ਲੋੜ ਪੈਂਦੀ ਸੀ ਅਤੇ ਉਸ ਸਮੇਂ ਪ੍ਰਯਾਯ ਅਤੇ ਗੁਰਬਾਣੀ ਦੇ ਕੋਸ਼ ਜੋ ਮਿਲਦੇ ਸਨ, ਉਹ ਆਧੁਨਿਕ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਭਲੀ ਪ੍ਰਕਾਰ ਸਹਾਇਕ ਨਹੀਂ ਸਨ। ਇਸ ਲਈ ਪ੍ਰੋ. ਗੁਰਮੁਖ ਸਿੰਘ ਨੇ ਭਾਈ ਕਾਨ੍ਹ ਸਿੰਘ ਵੱਲੋਂ ਕੀਤੀ ਜਾਣ ਵਾਲੀ ਵਿਆਖਿਆ ਨੂੰ ਨਾਲੋ ਨਾਲ ਨੋਟ ਕਰਨਾ ਆਰੰਭ ਲਿਆ ਜੋ ਅੰਤ ਵਿਚ ਗੁਰੂ ਗ੍ਰੰਥ ਸਾਹਿਬ ਦੇ ਕਠਿਨ ਸ਼ਬਦਾਂ ਦਾ ਇਕ ਸੁਚੱਜਾ ਪ੍ਰਯਾਯ ਕੋਸ਼ ਬਣ ਗਿਆ। ਇਸ ਕੋਸ਼ ਨੂੰ ਕੁਝ ਕਾਰਣਾਂ ਕਰਕੇ ਪ੍ਰਕਾਸ਼ਿਤ ਨਾ ਕਰਵਾਇਆ ਜਾ ਸਕਿਆ ਅਤੇ ਪ੍ਰੋ. ਸਾਹਿਬ ਦੇ ਦੇਹਾਂਤ ਪਿਛੋਂ ਉਸਦਾ ਖਰੜਾ ਵੀ ਗੁੰਮ ਹੋ ਗਿਆ। ਡਾ. ਤੇਜਵੰਤ ਮਾਨ ਅਨੁਸਾਰ, ਇਸ ਗ੍ਰੰਥ ਦਾ ਪਹਿਲਾ ਭਾਗ ਛਪ ਗਿਆ ਸੀ, ਜਿਸ ਦੀਆਂ ਕਾਪੀਆਂ ਕਿਤੇ-ਕਿਤੇ ਹੁਣ ਵੀ ਮਿਲਦੀਆਂ ਹਨ।

ਭਾਈ ਸਾਹਿਬ ਦੀ ਸਮੁੱਚੀ ਟੀਕਾਕਾਰੀ ਵਿਚ ਸਰਲਤਾ ਸਪੱਸ਼ਟਤਾ ਅਤੇ ਵਿਗਿਆਨਕਤਾ, ਉਨ੍ਹਾਂ ਨੂੰ ਸਿੰਘ ਸਭਾਈ ਵਿਆਖਿਆਕਾਰਾਂ ਵਿਚੋਂ ਸਿਰਮੋਰ ਬਣਾਉਂਦੀ ਹੈ। ਉਨ੍ਹਾਂ ਦੀ ਵਿਆਖਿਆ ਅਤੇ ਟੀਕਾਕਾਰੀ ਵਿਚ ਸ਼ਰਧਾ ਤੇ ਤਰਕ ਦੋਵੇਂ ਮੌਜੂਦ ਹਨ। ਉਨ੍ਹਾਂ ਦੇ ਸਾਹਮਣੇ ਇਕੋ ਇਕ ਟੀਚਾ ਇਹ ਸੀ ਕਿ ਉਹ ਗੁਰਮਤਿ ਦੇ ਭਾਵਾਂ ਨੂੰ ਪੂਰੀ ਤਰ੍ਹਾਂ, ਪੂਰੀ ਪਰਮਾਣਿਕਤਾ ਨਾਲ ਸਥਾਪਤ ਕਰ ਸਕਣ। ਭਾਈ ਸਾਹਿਬ ਦੀ ਟੀਕਾਕਾਰੀ ਦੀ ਦੂਜੀ ਵਿਲੱਖਣਤਾ ਇਹ ਹੈ ਕਿ ਉਨ੍ਹਾਂ ਦੀ ਟੀਕਾਕਾਰੀ ਨੇ ਰਹੱਸਵਾਦੀ ਤੱਤ ਪੰਜਾਬੀ ਵਾਰਤਕ ਵਿਚੋਂ ਘਟਾਇਆ ਅਤੇ ਪੰਜਾਬੀ ਵਾਰਤਕ ਨੂੰ ਵੱਧ ਤੋਂ ਵੱਧ ਸਪਸ਼ਟ, ਸਰਲ, ਪਰਚੱਲਤ ਸ਼ਬਦਾਵਲੀ ਵਾਲੀ ਬਣਾਇਆ।

ਟੀਕਾ ਕਰਦੇ ਸਮੇਂ ਭਾਈ ਸਾਹਿਬ ਨੇ ਵਿਸ਼ੇਸ਼ ਧਿਆਨ ਦਿੱਤਾ ਕਿ ਗੁਰਬਾਣੀ ਦੀ ਇਕ ਸਤਰ ਦੇ ਇਕੋ ਅਰਥ ਹੋ ਸਕਦੇ ਹਨ, ਇਕ ਤੁੱਕ ਦੇ ਕਈ ਕਈ ਅਰਥ ਨਹੀਂ ਹੋ ਸਕਦੇ। ਹਿੰਦੂ ਧਰਮ ਦੇ ਬੁਨਿਆਦੀ ਸਿਧਾਂਤਾਂ, ਮੂਰਤੀ ਪੂਜਾ, ਸ਼ਰਾਧ-ਵਰਤ, ਜਾਤ-ਪਾਤ, ਵਰਣ-ਆਸ਼ਰਮ ਤੇ ਅਵਤਾਰਵਾਦ ਦਾ ਖੰਡਨ ਕਰਕੇ, ਸਿੱਖ ਰਹਿਤ ਮਰਿਯਾਦਾ ਤੇ ਬਲ ਦਿੱਤਾ। ਭਾਈ ਸਾਹਿਬ ਨੇ ਦ੍ਰਿੜ ਕੀਤਾ ਕਿ ਗੁਰਬਾਣੀ ਵਿਚ ਸਵੈ ਵਿਰੋਧ ਨਹੀ । ਗੁਰਬਾਣੀ ਜੀਵਨ ਜਾਚ ਦਸਦੀ ਹੈ, ਜਿਸਦੀ ਸਹਾਇਤਾ ਨਾਲ ਜੀਵਨ ਸਫਲ ਬਣਾਇਆ ਜਾ ਸਕਦਾ ਹੈ।

ਉਪਰੋਕਤ ਵਿਚਾਰ ਚਰਚਾ ਤੋਂ ਇਹ ਤੱਥ ਸਾਹਮਣੇ ਆਉਂਦੇ ਹਨ ਕਿ ਪੰਜਾਬੀ ਟੀਕਾਕਾਰੀ ਨੂੰ ਸਰਲ, ਸੁਖੈਨ ਤੇ ਵਿਗਿਆਨਕ ਬਣਾਉਣ ਵਿਚ ਭਾਈ ਕਾਨ੍ਹ ਸਿੰਘ ਨਾਭਾ ਦਾ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਦਾ ਜੀਵਨ ਮਨੋਰਥ ਇਕ ਪਾਸੇ ਗੁਰਮਤਿ ਦਾ ਢਾਡੀ ਹੋਣਾ ਸੀ ਅਤੇ ਦੂਸਰੇ ਪਾਸੇ ਸਿੱਖ ਰਮਜ਼ਾਂ ਨੂੰ ਜਿਊਣ ਯੋਗ ਸਾਬਤ ਕਰਕੇ ਧਰਮ ਸ਼ਾਸਤਰੀ ਆਧਾਰ ਪੈਦਾ ਕਰਨਾ ਸੀ।

ਕੋਟਿਲਅ ਦਾ ਅਰਥ ਸ਼ਾਸਤਰ, ਮਨੂੰ ਦਾ ਧਰਮ ਸ਼ਾਸਤਰ ਅਤੇ ਸੰਸਕ੍ਰਿਤ ਵਿਚ ਰਚੇ ਨੀਤੀ ਗ੍ਰੰਥ ਹੀ ਰਜਿਆਂ ਨੂੰ ਇਨਸਾਫ ਅਤੇ ਰਾਜ ਪ੍ਰਬੰਧ ਦਾ ਮਾਰਗ ਦਿਖਾਉਂਦੇ ਸਨ। ਸਿੱਖ ਰਾਜਿਆਂ ਦਾ ਵੀ ਨੀਤੀ ਗ੍ਰੰਥਾਂ ਵੱਲ ਵਿਸ਼ੇਸ਼ ਧਿਆਨ ਗਿਆ। ਰਾਜਨੀਤ ਬੁਧਿ ਬਾਰਿਧ ਮਹਾਰਾਜਾ ਰਣਜੀਤ ਸਿੰਘ ਲਈ ਬੁੱਧ ਸਿੰਘ ਵਲੋਂ ਸੰਮਤ 1891 ਬਿਕ੍ਰਮੀ ਵਿਚ ਲਿਖੀ ਗਈ। ਉਨ੍ਹੀਂ ਦਿਨੀਂ ਲਗਭਗ ਸਾਰੇ ਹੀ ਰਾਜੇ ਆਪਣੇ ਦਰਬਾਰਾਂ ਵਿਚ ਕਵੀਆਂ ਨੂੰ ਰੱਖ ਕੇ, ਉਨ੍ਹਾਂ ਪਾਸੋਂ ਨੀਤੀ ਦੇ ਗ੍ਰੰਥ ਲਿਖਵਾਉਣ ਵਿਚ ਰੁਚੀ ਲੈਂਦੇ ਸਨ। ਨਾਭਾ ਰਿਆਸਤ ਵਿਚ ਨੌਕਰੀ ਕਰਦੇ ਹੋਏ ਮਹਾਰਾਜਾ ਹੀਰਾ ਸਿੰਘ ਦੀ ਪ੍ਰੇਰਨਾ ਸਦਕਾ ਭਾਈ ਕਾਨ੍ਹ ਸਿੰਘ ਨੇ ਰਾਜਨੀਤੀ ਨਾਲ ਸੰਬੰਧਿਤ ਦੋ ਪੁਸਤਕਾਂ, ਰਾਜ ਧਰਮ (1884 ਈ.) ਅਤੇ ਬਿਜੈ ਸਾਮ ਧਰਮ (1901 ਈ.) ਦੀ ਰਚਨਾ ਕੀਤੀ।

ਰਾਜਨੀਤੀ ਨਾਲ ਸੰਬੰਧਿਤ ਪੁਸਤਕ ਰਾਜ ਧਰਮ ਉਸ ਵੇਲੇ ਦੀ ਰਚਨਾ ਹੈ ਜਦੋਂ ਆਪ ਲਾਹੌਰ ਤੋਂ ਵਾਪਸ ਪਰਤ ਕੇ ਨਾਭੇ ਦੇ ਮਹਾਰਾਜਾ ਹੀਰਾ ਸਿੰਘ ਪਾਸ ਮੁਸਾਹਿਬ ਲੱਗ ਗਏ ਸਨ।

ਰਾਜਨੀਤੀ ਦੇ ਮਾਹਿਰ ਹੋਣ ਕਰਕੇ ਮਹਾਰਾਜਾ ਹੀਰਾ ਸਿੰਘ ਭਾਈ ਸਾਹਿਬ ਨੂੰ ਨੀਤੀ ਜੀ ਕਹਿ ਕੇ ਪੁਕਾਰਦੇ ਸਨ। ਭਾਵੇਂ ਰਾਜ ਦਰਬਾਰੀ ਭਗਤੀ, ਭਾਈ ਸਾਹਿਬ ਦੇ ਹੱਡਾਂ ਵਿਚ ਰਚੀ ਹੋਈ ਸੀ, ਪ੍ਰੰਤੁ ਉਸ ਸਮੇਂ ਦੀ ਇਨਕਲਾਬੀ ਸੋਚ ਅਤੇ ਸੁਤੰਤਰਤਾ ਦੀ ਭਾਵਨਾ ਵੀ ਭਾਈ ਸਾਹਿਬ ਅੰਦਰ ਮੌਜੂਦ ਸੀ। ਭਾਈ ਸਾਹਿਬ ਅਨੁਸਾਰ, ਕੋਈ ਕੌਮ ਭੀ ਸੰਸਾਰ ਪਰ ਸੁਤੰਤਰ ਹੋਏ ਬਿਨ੍ਹਾਂ ਪੂਰੀ ਉਨਤੀ ਨਹੀਂ ਕਰ ਸਕੀ।

ਭਾਈ ਸਾਹਿਬ ਸੁਤੰਤਰ ਵਿਚਾਰਧਾਰਾ ਦੇ ਧਾਰਨੀ ਸਨ ਅਤੇ ਅੰਗਰੇਜ਼ਾਂ ਦੀ ‘ਪਾੜੋ ਤੇ ਰਾਜ ਕਰੋ’ ਵਾਲੀ ਨੀਤੀ ਤੋਂ ਵੀ ਸੁਚੇਤ ਸਨ। ਉਨ੍ਹਾਂ ਅਨੁਸਾਰ, ਅੰਗਰੇਜ਼ੀ ਸਰਕਾਰ ਜਿਸ ਨੂੰ ਸਿੱਖ ਕੌਮ ਨੇ ਸਦ ਸਹਿਯੋਗ ਦਿੱਤਾ, ਉਸ ਸਾਮਰਾਜ ਨੇ ਸਿੱਖਾਂ ਦੇ ਹੱਕਾਂ ਵੱਲ ਧਿਆਨ ਨਹੀਂ ਦਿੱਤਾ। ਉਨ੍ਹੀਵੀਂ ਸਦੀ ਦੇ ਪਿਛਲੇ ਅੱਧ ਵਿਚ, ਸਿੱਖਾਂ ਦੀ ਪੁਨਰਜਾਗਰਤੀ ਦੇ ਸੋਮੇ ਸਿੰਘ ਸਭਾ ਲਹਿਰ ਲਈ ਵੀ ਭਾਈ ਸਾਹਿਬ ਨੇ ਬਤੌਰ ਲਿਖਾਰੀ ਕੰਮ ਕੀਤਾ। ਇਹ ਵੱਖਰੀ ਗੱਲ ਹੈ ਕਿ ਜਿੱਥੇ ਪ੍ਰੋ. ਗੁਰਮੁਖ ਸਿੰਘ ਵਰਗੇ ਵਿਦਵਾਨ ਦਾ ਬਿੰਬ ਇਤਿਹਾਸ ਨੇ, ਸਿੱਖ ਸਿਆਸਤ ਦੇ ਪ੍ਰਸੰਗ ਵਿਚ ਸਾਂਭਿਆ ਹੈ, ਭਾਈ ਸਾਹਿਬ ਦਾ ਬਿੰਬ ਰਾਜਨੀਤੀ ਨਾਲੋਂ ਵਿਦਵਤਾ ਵਾਲੇ ਪਾਸੇ ਵਧੇਰੇ ਉਭਰਿਆ ਹੈ।

ਭਾਈ ਸਾਹਿਬ ਦੁਆਰਾ ਰਚਿਤ ਰਾਜਨੀਤੀ ਬਾਰੇ ਸਿਧਾਂਤਕ ਸਹਿਤ ਦੇ ਸਮੁੱਚੇ ਸਰਵੇਖਣ ਉਪਰੰਤ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਭਾਈ ਸਾਹਿਬ ਆਪਣੇ ਗ੍ਰੰਥਾਂ ਵਿਚ, ਇਕ ਐਸੇ ਰਾਜ ਦਾ ਸੰਕਲਪ ਪ੍ਰਸਤੁਤ ਕਰਦੇ ਹਨ, ਜਿਹੜੇ ਧਰਮ ਉਤੇ ਆਧਾਰਿਤ ਹੋਵੇ, ਜਿਸ ਵਿਚ ਰਾਜਾ ਗੁਣੀ ਤੇ ਚਰਿਤ੍ਰਵਾਨ ਹੋਵੇ, ਜਿਸ ਵਿਚ ਰਾਜ ਵਿਵਸਥਾ ਰਾਜਤੰਤ੍ਰੀ ਹੁੰਦਿਆਂ, ਲੋਕਤੰਤ੍ਰੀ ਗੁਣਾਂ ਵਾਲੀ ਹੋਵੇ ਅਤੇ ਲੋਕਹਿਤਕਾਰੀ ਹੋਵੇ ਅਤੇ ਜਿਸ ਵਿਚ ਰਾਜ ਮਨੁੱਖੀ ਕਲਿਆਣ ਦੇ ਵਿਸਤ੍ਰਿਤ ਕਾਰਜ ਖੇਤਰ ਵਿਚ ਕਾਰਜਸ਼ੀਲ ਹੋਵੇ।

ਇਸ ਤਰ੍ਹਾਂ ਭਾਈ ਸਾਹਿਬ ਦੁਆਰਾ ਰਚਿਤ ਰਾਜਨੀਤੀ ਸਾਹਿਤ ਵਿਚੋਂ ਪ੍ਰਤਿਬਿੰਬਤ ਰਾਜ ਦੈਵੀ ਸੱਚ (ਦਵਿਨਿੲ ਟਰੁਟਹ) ਅਤੇ ਮਨੁੱਖੀ ਭਲਾਈ (ਹੁਮੳਨ ਗੋਦ) ਨਾਲ ਜੁੜਿਆ ਹੋਇਆ ਹੈ। ਇਨ੍ਹਾਂ ਗ੍ਰੰਥਾਂ ਰਾਹੀਂ ਜਿੱਥੇ ਪੰਜਾਬੀ ਪਾਠਕਾਂ ਦੇ ਗਿਆਨ ਵਿਚ ਵਾਧਾ ਹੋਇਆ, ਉਥੇ ਪੰਜਾਬੀ ਵਾਰਤਕ ਸ਼ੈਲੀ ਵਿਚ ਵੀ ਨਿਖਾਰ ਆਇਆ ਪਰੰਤੂ ਇਨ੍ਹਾਂ ਵਿਚ ਸਾਹਿਤਕ ਅੰਸ਼ ਦੀ ਬਹੁਤ ਘਾਟ ਹੈ। ਇਹ ਗ੍ਰੰਥ ਸਰਲ ਪੰਜਾਬੀ ਵਾਰਤਕ ਰੂਪਾਂ ਨੂੰ ਵਿਕਸਿਤ ਕਰਨ ਵਿਚ ਬਹੁਤ ਸਹਾਇਕ ਹੋਏ ਅਤੇ ਪੰਜਾਬੀ ਸਭਿਆਚਾਰ ਦੇ ਅਨੇਕ ਪੱਖਾਂ ਨੂੰ ਆਪਣੇ ਵਿਚ ਸਮੇਟੀ ਬੈਠੇ ਹਨ। ਭਾਈ ਸਾਹਿਬ ਦੇ ਇਨ੍ਹਾਂ ਵਾਰਤਕ ਗ੍ਰੰਥਾਂ ਦਾ ਪੰਜਾਬੀ ਸਾਹਿਤ ਵਿਚ ਇਤਿਹਾਸਕ ਮਹੱਤਵ ਹੈ।

ਭਾਈ ਕਾਨ੍ਹ ਸਿੰਘ ਆਪਣੇ ਜੀਵਨ ਵਿਚ ਅਨੇਕ ਸਾਹਿਤਕ ਮਿੱਤਰਾਂ, ਸਾਹਿਤਕ ਖੋਜੀਆਂ, ਰਾਜੇ-ਮਹਾਰਾਜਿਆਂ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਚਿੱਠੀਆਂ ਲਿਖਦੇ ਰਹੇ। ਉਨ੍ਹਾਂ ਵੱਲੋਂ ਨਿਰੋਲ ਸਾਹਿਤਕ ਵਿਸ਼ਿਆਂ ਉਤੇ ਅਣਗਿਣਤ ਚਿੱਠੀਆਂ ਲਿਖੀਆਂ ਗਈਆਂ, ਜੋ ਅਜੇ ਖੋਜ ਦਾ ਵਿਸ਼ਾ ਹਨ। ਇਹ ਚਿੱਠੀਆਂ ਜਿਥੇ ਆਪ ਦੀ ਸੁਚੱਜੀ ਲੇਖਣੀ ਦੀਆਂ ਪ੍ਰਤੀਕ ਹਨ, ਉਥੇ ਉਨ੍ਹਾਂ ਦੀਆਂ ਲਿਖਤਾਂ ਬਾਰੇ ਜਾਂ ਉਨ੍ਹਾਂ ਦੇ ਸਾਹਿਤਕ ਦ੍ਰਿਸ਼ਟੀਕੋਣ ਬਾਰੇ ਕਾਫੀ ਜਾਣਕਾਰੀ ਦਿੰਦੀਆਂ ਹਨ। ਕਈ ਨੁਕਤਿਆਂ ਤੇ ਬਹਿਤ ਉਕਸਾਊ ਚਿੱਠੀਆਂ ਵੀ ਹਨ।

ਰਾਗਮਾਲਾ ਸੰਬੰਧੀ ਗਿਆਨੀ ਸ਼ੇਰ ਸਿੰਘ ਨੂੰ ਲਿਖੀ ਚਿੱਠੀ ਅਤੇ ਗਿਆਨੀ ਲਾਲ ਸਿੰਘ ਸੰਗਰੂਰ ਨੂੰ ਗੁਰਮਤ ਮਾਰਤੰਡ ਅਤੇ ਰਾਜਨੀਤੀ ਪ੍ਰਕਾਸ਼ ਪੁਸਤਕਾਂ ਸੰਬੰਧੀ ਕ੍ਰਮਵਾਰ 26-1-1936 ਅਤੇ 4 ਚੇਤ ਸੰਮਤ 1989 ਦੀਆਂ ਚਿੱਠੀਆਂ ਕਾਫੀ ਮਹੱਤਵਪੂਰਨ ਹਨ। ਸ਼ਮਸ਼ੇਰ ਸਿੰਘ ਅਸ਼ੋਕ ਨੂੰ ਕੰਕਨ ਅਤੇ ਭਾਈ ਗੁਰਦਾਸ ਦੀ ਕਵਿਤਾ ਬਾਰੇ 4-7-1936 ਦੀ ਚਿੱਠੀ ਖੋਜ ਦੀ ਦ੍ਰਿਸ਼ਟੀ ਤੋਂ ਕਾਫੀ ਮਹੱਤਤਾ ਰੱਖਦੀ ਹੈ। ਭਾਈ ਸਾਹਿਬ ਵੱਲੋਂ ਵੈਦ ਮੋਹਨ ਸਿੰਘ ਵੱਲ ਮਹਾਨ ਕੋਸ਼ ਦੀ ਮਦਦ ਕਰਨ ਲਈ 12 ਅਗਸਤ 1915, 20 ਅਪ੍ਰੈਲ 1920, 4 ਅਗਸਤ 1920, 26 ਅਪ੍ਰੈਲ 1922, 15 ਜੂਨ 1922 ਅਤੇ 26 ਜੁਲਾਈ 1922 ਨੂੰ ਡਲਹੌਜ਼ੀ, ਮੰਡੀ ਫੂਲ ਅਤੇ ਮਸੂਰੀ ਤੋਂ ਚਿੱਠੀਆਂ ਲਿਖੀਆਂ ਗਈਆਂ। ਇਸੇ ਤਰ੍ਹਾਂ 9 ਅਕਤੂਬਰ 1936 ਨੂੰ ਸ੍ਰ. ਤ੍ਰਿਲੋਕ ਸਿੰਘ ਵੈਦ ਅਤੇ ਸ੍ਰ. ਮੁਨਸ਼ਾ ਸਿੰਘ ਦੁਖੀ ਨੂੰ 1 ਨਵੰਬਰ 1936 ਅਤੇ 18 ਮਈ 1937 ਦੀਆਂ ਨਾਭੇ ਤੋਂ ਲਿਖੀਆਂ ਚਿੱਠੀਆਂ ਵਿਚ ਭਾਈ ਸਾਹਿਬ ਵੈਦ ਮੋਹਨ ਸਿੰਘ ਜੀ ਦੇ ਬਹੁਪੱਖੀ ਵਿਅਕਤੀਤਵ ਅਤੇ ਜੀਵਨ ਬਾਰੇ ਮਹੱਤਵਪੂਰਨ ਜਾਣਕਾਰੀ ਭੇਜਦੇ ਹਨ। ਇਸੇ ਤਰ੍ਹਾਂ ਢੋਲ ਦਾ ਪੋਲ ਸੰਬੰਧੀ 22 ਮਾਰਚ 1934 ਦੀ ਚਿੱਠੀ ਸਾਹਿਤਕ ਮਹੱਤਤਾ ਵਾਲੀ ਹੈ। ਪ੍ਰੋ. ਸਾਹਿਬ ਵੱਲ 30 ਜੁਲਾਈ 1938 ਈ. ਦੀ ਲਿਖੀ ਚਿੱਠੀ ਵੀ ਕਾਫੀ ਵਾਕਫੀ ਭਰਪੂਰ ਹੈ। ਭਾਈ ਕਾਨ੍ਹ ਸਿੰਘ ਦੀਆਂ ਚਿੱਠੀਆਂ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਉਹ ਸ਼ਰਧਾਪਰਕ ਤੇ ਕੱਟੜ ਨਜ਼ਰੀਏ ਦੀ ਥਾਂ ਇਕ ਨਿਰਪੱਖ, ਲਚਕੀਲੇ ਤੇ ਪਰਿਵਰਤਨਸ਼ੀਲ ਨਜ਼ਰੀਏ ਵਾਲੇ ਸਨ। ਉਨ੍ਹਾਂ ਨੇ ਚਿੱਠੀਆਂ ਦੁਆਰਾ ਆਪਣੇ ਸਨੇਹੀਆਂ ਵਿਚ ਇੱਕ ਵਿਗਿਆਨਕ ਸੋਚ ਦੇ ਨਾਲ-ਨਾਲ ਕੋਮਲ ਭਾਵੀ ਮਾਨਵਤਾ ਧਾਰਨ ਕਰਨ ਦੀ ਰੀਝ ਜਗਾਈ।

ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਜੇਕਰ ਖੋਜ ਦੀ ਦ੍ਰਿਸ਼ਟੀ ਤੋਂ ਭਾਈ ਸਾਹਿਬ ਦੇ ਨਿਕਟਵਰਤੀ ਲੇਖਕਾਂ ਦੇ ਪਰਿਵਾਰਾਂ ਪਾਸੋਂ, ਉਨ੍ਹਾਂ ਦੀਆਂ ਪੂਰੀਆਂ ਚਿੱਠੀਆਂ ਇਕੱਤ੍ਰ ਕਰਕੇ ਪੁਸਤਕ ਰੂਪ ਵਿਚ ਪ੍ਰਕਾਸ਼ਿਤ ਕਰਵਾਈਆਂ ਜਾਣ, ਇਹ ਚਿੱਠੀਆਂ ਸਾਹਿਤਕ ਕਿਰਤ ਬਣ ਜਾਣ, ਇਹ ਚਿੱਠੀਆਂ ਸਾਹਿਤਕ ਕਿਰਤ ਬਣ ਜਾਣ ਦੀ ਸੰਭਾਵਨਾ ਰੱਖਦੀਆਂ ਹਨ। ਜ਼ਿੰਦਗੀ ਦੇ ਅਤਿ ਕੌੜੇ ਕੁਸੈਲੇ, ਅਤਿ ਰੋਮਾਂਚਿਕ ਅਤੇ ਖੁਸ਼ਗਵਾਰ ਅਨੁਭਵਾਂ ਨਾਲ ਭਰਪੂਰ ਭਾਈ ਸਾਹਿਬ ਦੀਆਂ ਚਿੱਠੀਆਂ ਪੰਜਾਬੀ ਸਾਹਿਤ ਅਤੇ ਵਿਸ਼ੇਸ਼ ਤੌਰ ਤੇ ਭਾਈ ਕਾਨ੍ਹ ਸਿੰਘ ਅਤੇ ਉਨ੍ਹਾਂ ਦੀ ਸਮਕਾਲੀ ਸੋਚ ਨੂੰ ਸਮਝਣ ਵਿਚ ਬਹੁਤ ਸਹਾਇਤਾ ਕਰ ਸਕਦੀਆਂ ਹਨ।

ਭਾਈ ਕਾਨ੍ਹ ਸਿੰਘ ਸਫ਼ਰ ਦੌਰਾਨ ਜੋ ਚਿੱਠੀਆਂ ਆਪਣੇ ਘਰਦਿਆਂ ਨੂੰ ਲਿਖਦੇ ਰਹੇ, ਉਹ ਸਾਧਾਰਨ ਤੇ ਅਵਿਵਸਥਿਤ ਚਿੱਠੀਆਂ ਭਿੰਨ-ਭਿੰਨ ਰਿਸ਼ਤੇਦਾਰਾਂ, ਪਰਿਵਾਰਜਨਾਂ ਜਾਂ ਮਿੱਤਰਾਂ ਨੂੰ ਨਹੀਂ ਲਿਖੀਆਂ। ਸਾਰੀਆਂ ਚਿੱਠੀਆਂ ਇਕੋ ਵਿਅਕਤੀ ਨੂੰ ਸੰਬੋਧਿਤ ਹਨ ਤੇ ਉਹ ਵੀ ਕਿਸੇ ਵਿਸ਼ੇਸ਼ ਨਾਮ ਰਾਹੀਂ ਨਹੀਂ, ਸਗੋਂ ਪਰਮ ਪਿਆਰੇ, ਪਿਆਰੇ ਜਾਂ ਕੇਵਲ ਭਾਈ ਸਾਹਿਬ ਸ਼ਬਦ ਨਾਲ। ਚਿੱਠੀਆਂ ਨੂੰ ਆਪਣੇ ਇਕੋ ਇਕ ਲਾਡਲੇ ਬੇਟੇ ਭਗਵੰਤ ਸਿੰਘ ਹਰੀ ਹੱਥ ਪਹੁੰਚਾ ਕੇ ਸੰਭਾਲਣਾ ਲੋੜਦੇ ਸਨ। ਇਸ ਮਕਸਦ ਦੀ ਪੂਰਤੀ ਲਈ ਉਨ੍ਹਾਂ 25 ਸਤੰਬਰ ਅਤੇ 2 ਅਕਤੂਬਰ 1906 ਦੀਆਂ ਚਿੱਠੀਆਂ ਵਿਚ ਸਪਸ਼ਟ ਨਿਰਦੇਸ਼ ਵੀ ਦਿੱਤੇ ਸਨ।

ਪੰਜਾਬੀ ਸਾਹਿਤ-ਸੰਸਾਰ ਵਿਚ ਭਾਈ ਕਾਨ੍ਹ ਸਿੰਘ ਨਾਭਾ ਇਕ ਅਨੂਪਮ ਵਿਅਕਤੀ ਸਨ। ਦੁਨੀਆਂ ਦੇ ਉਹ ਸਾਹਿਤ ਮਹਾਂਰਥੀ, ਜਿਨਾਂ ਦੇ ਲੂੰ ਲੂੰ ਵਿਚ ਸਾਹਿਤ ਰਚ ਗਿਆ ਹੁੰਦਾ ਹੈ, ਉਨ੍ਹਾਂ ਦੇ ਅਨੇਕ ਨਿੱਕੇ-ਨਿੱਕੇ ਕੰਮ ਵੀ ਸਾਹਿਤਿਕ ਹੀ ਹੁੰਦੇ ਹਨ।

ਭਾਈ ਸਾਹਿਬ ਨੇ ਵਿਦਿਆਰਥੀਆਂ ਤੇ ਸਾਹਿਤ ਪ੍ਰੇਮੀਆਂ ਦੇ ਲਾਭ ਲਈ ਬਹੁਤ ਸਾਰੀਆਂ ਰਚਨਾਵਾਂ ਦਾ ਸੰਸ਼ੋਧਨ ਕੀਤਾ। ਵਿਦਿਆਰਥੀਆਂ ਅਤੇ ਗੁਰਬਾਣੀ ਪ੍ਰੇਮੀਆਂ ਨੂੰ ਛੰਦ ਅਤੇ ਅਲੰਕਾਰਾਂ ਤੋਂ ਜਾਣੂ ਕਰਾਉਣ ਲਈ ਗੁਰੁਛੰਦ ਦਿਵਾਕਰ ਅਤੇ ਗੁਰੁਸ਼ਬਦਾਲੰਕਾਰ ਪੁਸਤਕਾਂ ਦੀ ਰਚਨਾ ਕੀਤੀ, ਕਵੀ ਜੈ ਕ੍ਰਿਸ਼ਨ ਦਾਸ ਰਚਿਤ ‘ਰੂਪ ਦੀਪ ਪਿੰਗਲ’ ਦੀ ਸੁਧਾਈ ਕੀਤੀ; ਕਵੀ ਨੰਦ ਦਾਸ ਦੇ ਤਿਆਰ ਕੀਤੇ ਪ੍ਰਸਿੱਧ ਕੋਸ਼ਾਂ ਅਨੇਕਾਰਥ ਕੋਸ਼ ਅਤੇ ਨਾਮਮਾਲਾ ਕੋਸ਼ ਦੀ ਸੁਧਾਈ ਕੀਤੀ ਤੇ ਨਵੇਂ ਵਾਧੇ ਕਰਕੇ ਇਨ੍ਹਾਂ ਦਾ ਸੰਪਾਦਨ ਕੀਤਾ, ਹੋਰ ਕਈ ਰਚਨਾਵਾਂ ਜਿਵੇਂ ਕਿ ਗੁਰਮੁਖੀ ਕਾ ਨਾਵਲ, ‘ਪੰਦ ਸੂਦ ਮੰਦ’ (ਵਿਦਵਾਨ ਸਿਰੋਮਣਿ ਹਕੀਮ ਲੁਕਮਾਨ), ਜੀਵਨ ਚਰਿਤ੍ਰ ਬੀਬੀ ਨਾਨਕੀ, ਨੌਵੇਂ ਸਤਿਗੁਰੂ ਦੇ ਸਲੋਕਾਂ ਦੇ ਕੁੰਡਲੀਏ, ਰਸ ਚਮਤਕਾਰ ਚੰਦ੍ਰਿਕਾ ਅਤੇ ਫਰੀਦਕੋਈ ਟੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਰਚਨਾਵਾਂ ਦੀ ਸੁਧਾਈ ਕੀਤੀ। ਗੁਰੂਛੰਦ ਦਿਵਾਕਰ (1924 ਈ.) ਪੁਸਤਕ ਪਿੰਗਲ ਅਥਵਾ ਛੰਦ ਸ਼ਾਸਤਰ ਬਾਰੇ ਹੈ। ਇਸ ਰਚਨਾ ਦਾ ਸਿੱਧਾ ਸੰਬੰਧ ਭਾਵੇਂ ਸਿੱਖ ਸਾਹਿਤ ਨਾਲ ਹੈ, ਪਰੰਤੂ ਇਸ ਨੇ ਪੰਜਾਬੀ ਦੇ ਉਸ ਵੇਲੇ ਦੇ ਇਮਤਿਹਾਨਾਂ ਦੇ ਵਿਦਿਆਰਥੀਅ ਦੀ ਲੋੜਾਂ ਵੀ ਪੂਰੀਆਂ ਕੀਤੀਆਂ ਅਤੇ ਪੰਜਾਬੀ ਕਵੀਆਂ ਨੂੰ ਵੀ ਇਸ ਛੰਦ ਸ਼ਾਸਤਰ ਦਾ ਬਹੁਤ ਲਾਭ ਹੋਇਆ।

ਭਾਈ ਸਾਹਿਬ ਦੀਆਂ ਅਪ੍ਰਕਾਸ਼ਿਤ ਰਚਨਾਵਾਂ ‘ਗੁਰਬਾਣੀ ਅਖਾਣ ਤੇ ਮੁਹਾਵਰੇ’, ‘ਇਤਿਹਾਸ ਬਾਗੜੀਆਂ’, ‘ਖਟ ਰਿਤੂ’ ਅਤੇ ‘ਨਿਜੀ ਡਾਇਰੀਆਂ’ ਦੇ ਸਮੁੱਚੇ ਅਧਿਐਨ ਤੋਂ ਪਤਾ ਲਗਦਾ ਹੈ ਕਿ ਇਸ ਸਾਹਿਤ ਨੂੰ ਸਿਰਜਨਾਤਮਕ ਵੰਨਗੀ ਦਾ ਸਾਹਿਤ ਕਿਹਾ ਜਾ ਸਕਦਾ ਹੈ। ਭਾਈ ਸਹਿਬ ਦੀਆਂ ਇਹ ਕਲਾਮਈ ਕ੍ਰਿਤਾਂ ਪੰਜਾਬੀ ਸਾਹਿਤ ਦੇ ਵਿਦਿਆਰਥੀ ਅਤੇ ਖੋਜਕਾਰਾਂ ਦੇ ਗਿਆਨ ਵਿਚ ਨਿੱਗਰ ਵਾਧਾ ਕਰਨ ਦੇ ਯੋਗ ਹਨ।

ਭਾਈ ਸਾਹਿਬ ਦੀਆਂ ਫੁੱਟਕਲ ਲਿਖਤਾਂ ਵਿਚ ਵੱਡਾ ਭਾਗ ਉਪਦੇਸ਼ਾਤਮਕ ਸਾਹਿਤ ਦਾ ਹੈ। ਇਸ ਤੋਂ ਇਲਾਵਾ ਭਾਈ ਸਾਹਿਬ ਪੰਜਾਬੀ ਪਾਠਕਾਂ ਨੂੰ ਸਾਹਿਤ ਦੇ ਅੰਗਾਂ ਬਾਰੇ ਪੂਰੀ ਤਰ੍ਹਾਂ ਜਾਣੂ ਕਰਾਉਣਾ ਚਾਹੁੰਦੇ ਸਨ। ਨਿਬੰਧਾਂ ਦੁਆਰਾ ਉਹ ਜ਼ਿਆਦਾਤਰ ਕੰਮ ਸੋਧ ਸੁਧਾਈ ਦਾ ਕਰਦੇ ਸਨ। ਸੰਕਲਨ ਤੇ ਸੰਪਾਦਨ ਕਰਨ ਵਿਚ ਵੀ ਆਪ ਮਾਹਿਰ ਸਨ। ਆਪ ਛੰਦ ਤੇ ਅਲੰਕਾਰ ਦੇ ਸਾਰੇ ਮਰਮਾਂ ਤੋਂ ਜਾਣੂ ਤੇ ਆਪਣੇ ਸਮੇਂ ਦੀਆਂ ਭਾਸ਼ਾਈ ਜਾਂ ਸਾਹਿਤਕ ਸਮੱਸਿਆਵਾਂ ਦੀ ਤਹਿ ਤੱਕ ਪਹੁੰਚਣ ਦੀ ਬਿਰਤੀ ਦੇ ਧਾਰਨੀ ਸਨ।

ਭਾਈ ਸਾਹਿਬ ਨੇ ਉਮਰ ਭਰ ਜਿੰਨੀ ਵੀ ਗਦ ਅਤੇ ਪਦ ਰਚਨਾ ਕੀਤੀ ਹੈ, ਉਹ ਕਿਸੇ ਮਿੱਥੇ ਹੋਏ ਨਿਸ਼ਾਨੇ ਅਧੀਨ ਪ੍ਰਤਿਬੱਧਿਤ ਵਿਚਾਰਾਂ ਦੇ ਚੌਖਟੇ ਦੇ ਅੰਦਰ ਨਿਰਧਾਰਿਤ ਮਿੱਥੀ ਹੋਈ ਯੋਜਨਾ ਅਨੁਸਾਰ ਹੀ ਕੀਤੀ ਹੈ। ਭਾਈ ਸਾਹਿਬ ਦੀ ਗਦ ਰਚਨਾ ਦੀ ਦ੍ਰਿਸ਼ਟੀ ਵਿਚ ਬੁੱਧੀ, ਵਿਵੇਕ ਦੇ ਨਾਲ-ਨਾਲ ਦੂਜੇ ਸਥਾਪਿਤ ਨਿਯਮਾਂ, ਧਾਰਮਿਕ ਰੀਤੀਆਂ, ਸਥਾਪਤ ਕਦਰਾਂ ਕੀਮਤਾਂ ਦਾ ਖੰਡਨ-ਮੰਡਨ ਕਰਨ ਦੀ ਰੁਚੀ ਵੀ ਪ੍ਰਧਾਨ ਹੈ। ਆਪਣੀ ਗੱਲ ਕਹਿਣ ਮਨਵਾਉਣ ਲਈ ਭਾਈ ਸਾਹਿਬ ਵਿਸ਼ੇਸ਼ ਗੁਰਮਤ ਸਿਧਾਂਤਾਂ ਦਾ ਸਹਾਰਾ ਲੈਂਦੇ ਹਨ। ਲੇਖਕ, ਵਿਸ਼ਾਲ ਗਿਆਨ ਭੰਡਾਰੇ ਦਾ ਮਾਲਕ ਹੈ, ਅਧਿਐਨ-ਵੇਤਾ ਵੀ ਹੈ ਉਸਦੀ ਆਪਣੀ ਖੋਜ-ਬਿਰਤੀ ਵੀ ਹੈ।

ਵਿਕੋਲਤਰੀ ਦ੍ਰਿਸ਼ਟੀ ਤੋਂ ਭਾਈ ਸਾਹਿਬ ਦੀਆਂ ਲਿਖੀਆਂ ਪੁਸਤਕਾਂ ਵਿਚੋਂ ਕੁਝ ਸਮੱਗਰੀ ਲੈ ਕੇ ਪੇਸ਼ ਕਰਦੇ ਹਾਂ ਤਾਂ ਜੋ ਉਹਨਾਂ ਦੀ ਰਚਨਾ ਵਿਚਲਾ ਵਿਚਾਰ ਦਰਸ਼ਨ ਅਤੇ ਵਿਵੇਕ ਸਮਝਿਆ ਜਾ ਸਕੇ।

1. ਦੇਸ਼ ਭਗਤੀ ਦੀ ਭਾਵਨਾ:
ਜੋ ਭਿੰਨ-ਭਿੰਨ ਧਰਮੀ ਹੋਣ ਪਰ ਭੀ ਇਕ ਨੇਬਨ ਵਾਂਗ ਮਿਲਕੇ ਰਹਿੰਦੇ ਹਨ ਅਰ ਇਕ ਦੀ ਹਾਨੀ ਲਾਭ ਨੂੰ ਦੇਸ਼ ਦੀ ਹਾਨੀ ਲਾਭ ਮੰਨਦੇ ਹਨ। ਉਹ ਸੁੱਖਾਂ ਦੇ ਪਾਤਰ ਹੁੰਦੇ ਹਨ ਪਰ ਸਭਯ ਕੌਮਾਂ ਤੋਂ ਸਨਮਾਨ ਪਾਉਂਦੇ ਹਨ।

2. ਸਵੈ-ਸਨਮਾਨ ਇਕ ਸ੍ਰੇਸ਼ਠ ਗੁਣ
ਸਵੈ-ਸਨਮਾਨ ਵਾਲੇ ਗੁਰਸਿੱਖਾਂ ਨੇ ਹੀ ਅਨੇਕ ਕਸ਼ਟ ਸਹਾਰ ਕੇ ਭੀ ਸਵੈ-ਧਰਮ ਨਹੀਂ ਤਿਆਗਿਆ, ਇਸੇ ਗੁਣ ਦੇ ਧਾਰਣ ਕਰਨ ਵਾਲਿਆਂ ਨੇ ਹੀ ਵਿਚਾਰਾਂ ਦੇ ਅਧੀਨ ਹੋ ਕੇ ਆਪਣਾ ਆਪ ਨੀਵਾਂ ਨਹੀਂ ਕੀਤਾ। ਸਵੈ-ਸਤਕਾਰ ਵਾਲੇ ਹੀ ਲਾਲਚ ਵਸ ਹੋ ਕੇ ਦਯਾਨਤਦਾਰੀ ਨਹੀਂ ਤਿਆਗ ਸਕਦੇ, ਉਹ ਜਾਣਦੇ ਹਨ ਕਿ ਮਨੁੱਖ ਪਦਵੀ, ਗੁਰਸਿੱਖੀ, ਦੇ ਸ਼ਭਗਤੀ ਆਦਿਕ ਸਾਰੇ ਹੀ ਸਵੈ-ਸਤਕਾਰ ਦੇ ਆਸ੍ਰਯ ਹਨ।

3. ਪੰਜਾਬੀ ਭਾਸ਼ਾ ਨਾਲ ਪਿਆਰ:
ਮੈਨੂੰ ਅਫਸੋਸ ਨਾਲ ਆਖਣਾ ਪੈਂਦਾ ਹੈ, ਕਿ ਅਸੀਂ ਅਜੇ ਪੰਜਾਬੀ ਲਈ ਬਹੁਤ ਘੱਟ ਯਤਨ ਕੀਤਾ ਹੈ, ਅਰ ਇਸ ਤੋਂ ਭੀ ਵਧੇਰੇ ਸ਼ੋਕ ਦੀ ਗੱਲ ਇਹ ਹੈ ਕਿ ਅਨੇਕ ਭਾਈਆਂ ਨੇ ਪੰਜਾਬੀ ਨੂੰ ਸਿੱਖਾਂ ਦੀ ਹੀ ਬੋਲੀ ਮੰਨਕੇ ਮਾਤ੍ਰਿਭਾਸ਼ਾ ਨਾਲ ਵੈਰ ਕਮਾਇਆ ਹੈ, ਸਾਡੀ ਸਰਕਾਰ ਨੇ ਭੀ ਇਨਸਾਫ਼ ਨੂੰ ਮੁੱਖ ਰੱਖ ਕੇ ਇਸ ਸੰਬੰਧ ਵਿਚ ਜੇਹੀ ਚਾਹੀਏ ਪੰਜਾਬੀ ਦੀ ਸਹਾਇਤਾ ਨਹੀਂ ਕੀਤੀ। ਪੰਜਾਬ ਯੂਨੀਵਰਸਿਟੀ ਨੇ ਭੀ ਪੰਜਾਬੀ ਦਾ ਜੋ ਕੁਦਰਤੀ ਹੱਕ ਅਤੇ ਦਰਜਾ ਹੈ, ਉਹ ਨਹੀਂ ਪਛਾਣਿਆ, ਅਰ ਸਿੱਖ ਰਿਆਸਤਾਂ ਨੇ ਭੀ ਇਸ ਉੱਦਮ ਵੱਲੋਂ ਅਣਗਹਿਲੀ ਹੀ ਵਿਖਾਈ ਹੈ।

4. ਵਿਦਿਆ ਸੰਬੰਧੀ ਵਿਚਾਰ:
ਜੋ ਆਖਦਾ ਹੈ ਮੈਂ ਸਭ ਕੁਛ ਜਾਣਦਾ ਹਾਂ, ਉਹ ਮੂਰਖ ਹੈ ਕਯੋਕਿ ਵਿਦਯਾ ਦਾ ਅੰਤ ਨਹੀਂ, ਖੋਜਣ ਤੋਂ ਨਿੱਤ ਨਵੇਂ ਚਮਤਕਾਰ ਮਾਲੂਮ ਹੁੰਦੇ ਅਰ ਜੋ ਵਾਸਤਵ ਵਿਚ ਵਿਦਵਾਨ ਹੈ, ਉਹ ਆਪਣੀ ਵਿਦਯਾ ਦੇ ਪ੍ਰਭਾਵ ਪ੍ਰਸਿੱਧੀ ਪਾਉਂਦਾ ਹੈ।

5. ਤਤਕਾਲੀ ਕਾਵਿ-ਰਚਨਾ ਬਾਰੇ ਟਿਪਣੀ:
ਵਰਤਮਾਨ ਕਾਲ ਵਿਚ ਦੇਖਿਦਾ ਹੈ ਕਿ ਚਮਤਕਾਰੀ ਕਵਿਤਾ ਲੋਪ ਹੋ ਰਹੀ ਹੈ, ਖਾਸ ਕਰਕੇ ਪੰਜਾਬੀ ਕਾਵਯ ਦੀ ਦਸ਼ਾ ਸੋਚਨੀਯ ਹੈ ਇਸਦਾ ਮੁੱਖ ਕਾਰਨ ਇਹ ਹੈ ਕਿ ਸਾਹਿਤਯ ਦੇ ਪਦਾਰਥਾਂ ਦਾ ਕਵੀਆਂ ਨੂੰ ਗਯਾਨ ਨਹੀਂ ਜਿਸ ਬਿਨਾਂ ਕਾਵਯ ਰਚਨਾ ਦਾ ਮਨੋਹਰ ਹੋਣਾ ਅਸੰਭਵ ਹੈ ਅਤੇ ਸਿੱਖ ਕਵੀਆਂ ਦਾ ਕਾਵਯ ਸਾਹਿਤਯ ਦਾ ਅਗਾਧ ਸਮੁਦ੍ਰ ਹੈ, ਕੇਵਲ ਯਤਨ ਨਾਲ ਰਤਨ ਕੱਢਕੇ ਵਿਖਾਉਣ ਦੀ ਜ਼ਰੂਰਤ ਹੈ।

6. ਧਰਮ ਗ੍ਰੰਥਾਂ ਦੇ ਅਧਿਐਨ ਬਾਰੇ ਦ੍ਰਿਸ਼ਟੀਕੋਣ
ਭਾਈ ਸਾਹਿਬ (ਗੁਰਦਾਸ) ਦੇ ਉਪਦੇਸ਼ ਦਾ ਇਹ ਭਾਵ ਨਹੀਂ ਕਿ ਗੀਤਾ ਆਦਿਕ ਪੁਸਤਕ ਖੋਜ ਅਤੇ ਵਿਚਾਰ ਵਾਸਤੇ ਪੜ੍ਹਨੇ ਬੁਰੋ ਹਨ, ਸਗੋਂ ਖੋਜੀ ਹੋਣਾ ਸਿੱਖ ਦਾ ਕਰਮ ਹੈ ਅਤੇ ਮਤ ਮਤਾਂਤਰਾਂ ਦੇ ਧਰਮ ਗ੍ਰੰਥਾਂ ਦਾ ਗਯਾਨ ਹੋਣਾ ਜ਼ਰੂਰੀ ਹੈ ਪਰ ਗੁਰਬਾਣੀ ਬਿਨਾਂ ਸਾਡਾ ਕੋਈ ਮੂਲ ਮੰਤ੍ਰ ਅਤੇ ਜਪ ਮੰਤ੍ਰ ਨਹੀਂ ਹੋਣਾ ਚਾਹੀਯੇ।

7. ਸ਼ਰਾਬ ਨਿਸ਼ੇਧ ਸੰਬੰਧੀ:
ਸਿੱਖਾਂ ਦੀ ਸਮਝ ਵਿਚ ਵਾਹਿਗੁਰੂ ਦੀ ਕ੍ਰਿਪਾ ਕਰਕੇ ਇਹ ਆ ਜਾਵੇ ਕਿ ਸ਼ਰਾਬ ਉਪਰ ਖਰਚ ਕਰਨ ਨਾਲੋਂ ਆਪਣੀ ਕੌਮ ਵਿਚ ਵਿਦਯਾ ਔਰ ਹੁਨਰ ਫੈਲਾਉਣ ਲਈ ਧਨ ਖਰਚ ਕਰਨਾ ਲਾਭਕਾਰੀ ਹੈ ਤਾਂ ਸਿੱਖ ਕੌਮ ਛੇਤੀ (ਕਿਸੇ ਦੂਸਰੇ ਦੀ ਸਹਾਇਤਾ ਬਿਨਾਂ ਹੀ) ਆਪਣਾ ਸੁਧਾਰ ਕਰ ਸਕਦੀ ਹੈ ਔਰ ਕਈ ਵਿਦਯਾ ਔਰ ਹੁਨਰ ਸੰਬੰਧੀ ਕਲਿਜ, ਸਕੂਲ ਔਰ ਕਾਰਖਾਨੇ ਦੇਸ਼ ਦੀ ਦੁਰਦਸ਼ਾ ਦੂਰ ਕਰਨ ਲਈ ਬਣ ਸਕਦੇ ਹਨ।

8. ਯਥਾਰਥਵਾਦੀ ਸੁਝਾ:
ਨਾਚ ਘਰ, ਥੀਏਟਰ ਬਾਜਿਆਂ ਦੇ ਥਾਉਂ ਜਗ੍ਹਾ-ਜਗ੍ਹਾ ਮੌਜੂਦ ਹਨ, ਪੈਰਿਸ ਰਾਗ ਰੰਗ ਨਾਲ ਭਰਪੂਰ ਹੈ, ਏਸੇ ਕਰਕੇ ਸਾਰੇ ਯੂਰਪ ਦੇ ਲੋਕ ਇਥੇ ਆ ਕੇ ਆਪਣਾ ਰੁਪਯਾ ਖੋਂਦੇ ਹਨ, ਬਲਕਿ ਕਈ ਸਾਡੇ ਰਾਜੇ ਭੀ ਏਥੇ ਅਕਾਰਥ ਧਨ ਖੋ ਦਿੰਦੇ ਹਨ, ਐਸੇ ਸਥਾਨਾਂ ਵਿਚੋਂ ਆ ਕੇ ਵਿਦਯਾ ਅਤੇ ਹੁਨਰ ਦੀਆਂ ਬਾਤਾਂ ਦੇਖਣੀਆਂ ਅਤੇ ਉਸ ਤੋਂ ਆਪਣੇ ਦੇਸ਼ ਨੂੰ ਲਾਭ ਪਹੁੰਚਾਉਣਾ ਬਹੁਤ ਉੱਤਮ ਹੈ, ਪਰ ਅਕਾਰਥ ਧਨ ਖੋਣਾ ਭਾਰੀ ਭੁੱਲ ਹੈ।

9. ਸੁਧਾਰਵਾਦੀ ਦ੍ਰਿਸ਼ਟੀਕੋਣ:
ਸੰਪੂਰਣ ਗ੍ਰੰਥੋਂ ਸੇ ਯੇ ਰੀਤੀ ਸ੍ਰੇਸ਼ਟ ਸਿੱਧ ਹੋਤੀ ਹੈ ਮਗਰ ਨਹੀਂ ਮਾਲੂਮ ਕਿ ਹਮਾਰੇ ਦੇਸ਼ ਬਾਸੀ ਪੰਡਿਤ ਜੀ ਕੈਸੀ ਅਲੋਕਿਕ ਬੁੱਧੀ ਕੇ ਸਵਾਮੀ ਹੈਂ ਜੋ ਕੁਕਰਮ ਕਰਨੇ ਪਰ ਤੋ ਪ੍ਰਸੰਨਯ ਹੈਂ ਮਗਰ ਧਰਮ ਅਨੁਸਾਰ ਬਿਧਵਾ ਇਸਤ੍ਰੀ ਕੋ ਪਤੀ ਧਾਰਨ ਕਰਨੇ ਕੀ ਆਗਯਾ ਕਬੀ ਨਹੀਂ ਦੇਤੇ।

10. ਨੈਤਿਕ ਵਿਚਾਰ
ਏਹ ਦੇਸ਼ (ਲੰਡਨ) ਜੈਸਾ ਵਿਦਵਾਨ ਔਰ ਦਾਨਾ ਹੈ-ਵੈਸੇ ਹੀ ਏਸ ਜਗਾ ਸ਼ੈਤਾਲ ਆਦਮੀ ਭੀ ਹੱਦੋਂ ਪਰੇ ਹਨ। ਪਿਛਲੀ ਘੋੜਿਆਂ ਦੀ ਨੁਮਾਇਸ਼ ਵਿਚ ਦੋ ਘੋੜੀਆਂ ਨੇ ਆਲਾ ਦਰਜੇ ਦਾ ਇਨਾਮ ਹਾਸਿਲ ਕੀਤਾ ਇਹ ਘੋੜੀਆਂ ਇਕ ਬੜੇ ਜਿੰਮੀਦਾਰ ਦੀਆਂ ਸੀਆਂ, ਜੋ ਲੰਡਨ ਤੋਂ ਬੀਸ ਮਾਇਲ ਪਰ ਰਹਿੰਦਾ ਹੈ। ਘੋੜੀਆਂ ਦੀ ਸ਼ੋਹਰਤ ਸਾਰੇ ਦੇਸ਼ ਵਿਚ ਸੀ। ਇਕ ਆਦਮੀ ਜਿਸਦਾ ਹੁਣ ਤਾਂਈ ਪਤਾ ਨਹੀਂ ਲੱਗਿਆ ਖੇਤ ਵਿਚ ਦੋਹਾਂ ਘੋੜੀਆਂ ਨੂੰ ਟੁਕੜੇ ਕਰਕੇ ਸਿੱਟ ਗਯਾ, ਜੇ ਕਿਸੇ ਆਦਮੀ ਨਾਲ ਕਿਸੇ ਦਾ ਵੈਰ ਹੋਵੇ ਤਾਂ ਲਲਕਾਰ ਕੇ ਉਹ ਨੂੰ ਮਾਰੇ ਨਾ ਕਿ ਬੇਜ਼ਵਾਨ ਪਸ਼ੂ ਨੂੰ, ਜਾਨਵਰ ਭੀ ਐਸਾ ਜਿਸ ਨੂੰ ਰਤਨ ਕਹਿਣਾ ਚਾਹੀਏ।

12. ਰਾਜਨੀਤਿਕ ਦ੍ਰਿਸ਼ਟੀਕੋਣ:
ਕੋਈ ਕੌਮ ਭੀ ਸੰਸਾਰ ਪਰ ਸੁਤੰਤ੍ਰ ਹੋਏ ਬਿਨਾਂ ਪੂਰੀ ਉਨਤੀ ਨਹੀਂ ਕਰ ਸਕੀ। ਜਦ ਤੋੜੀ ਕੋਈ ਕੌਮ ਕਿਸੇ ਕੌਮ ਦੀ ਸਾਖ ਬਣ ਕੇ ਰਹੀ ਹੈ ਤਦ ਤੋੜੀ ਗੁਲਾਮੀ ਦਸ਼ਾ ਵਿਚ ਰਹੀ ਹੈ ਔਰ ਵਾਧੇ ਦੇ ਥਾਉਂ ਘਾਟਾ ਹੁੰਦਾ ਰਹਿਆ ਹੈ।

ਭਾਈ ਸਾਹਿਬ ਦੀ ਬੋਲੀ ਟਕਸਾਲੀ ਠੇਠ ਜਾਂ ਸਾਹਿਤਕ ਪੰਜਾਬੀ ਨਹੀਂ ਸਗੋਂ ਬ੍ਰਜ, ਹਿੰਦੀ, ਸਾਧ ਭਾਖਾ ਦਾ ਮਿਲਗੋਭਾ ਹੈ, ਜਿਸ ਵਿਚ ਉਪਭਾਖਾਈ ਅੰਸ਼ ਵੀ ਪ੍ਰਤੱਖ ਦਿੱਸਦਾ ਹੈ। ਬੋਲੀ ਵਧੇਰੇ ਕਰਕੇ ਪ੍ਰਚਾਰਕੀ ਤੇ ਸੰਪਰਦਾਈ ਵਿਆਖਿਆਮਈ ਹੈ ਜਿਵੇਂ ਕਿ :

‘......ਕਰਮੋਂ ਕੇ ਅਨੁਸਾਰ ਹੀ ਜਾਤ ਬਿਵਹਾਰ ਹੈ, ਜੈਸਾ ਕਰਮ ਕੋਈ ਕਰੇ ਉਸ ਕਰਮ ਅਨੁਸਾਰ ਹੀ ਉਸ ਦੀ ਜਾਤੀ ਕਹਿਨੀ ਚਾਹੀਯੇ।’

‘ਟੀਕਾ ਜੈਮਨੀ ਅਸ੍ਵਮੇਧ’ ਵਿਚ ਵੀ ਅਜਿਹੀ ਬੋਲੀ ਦੀ ਵਰਤੋਂ ਕੀਤੀ ਹੇ। ਪਰਿਵਰਤਨ ਕਾਲ ਦੀ ਵਾਰਤਕ ਦੇ ਮੁੱਢਲੇ ਸਾਹਿਤਕਾਰਾਂ ਵਿਚ ਬ੍ਰਜ ਭਾਸ਼ਾ ਹੀ ਪ੍ਰਧਾਨ ਸੀ, ਉਦੋਂ ਇਹੋ ਹੀ ਸਾਹਿਤਕ ਭਾਸ਼ਾ ਮੰਨੀ ਜਾਂਦੀ ਸੀ। ਭਾਈ ਕਾਨ੍ਹ ਸਿੰਘ ਦੀਆਂ ਮੁੱਢਲੇ ਦੌਰ ਦੀਆਂ ਰਚਨਾਵਾਂ ਵਿਚ ਬੋਲੀ ਜਾਂ ਤਾਂ ਬ੍ਰਜ-ਹਿੰਦੀ ਪ੍ਰਧਾਨ ਹੈ ਜਾਂ ਹਿੰਦੀ। ਮੁਹਾਵਰਾ ਵੀ ਮੂਲ ਰੂਪ ਵਿਚ ਹਿੰਦੀ ਜਾਂ ਬ੍ਰਜ ਵਾਲਾ ਹੈ। ਵਿਆਕਰਣਕ ਕ੍ਰਿਆਵਾਂ, ਕ੍ਰਿਆ ਵਿਸ਼ੇਸ਼ਣ, ਯੋਜਕ, ਸ਼ਬਦ-ਬਣਤਰ, ਸਭ ਪੁਰਾਤਨ ਵਾਲੇ ਜਾਂ ਉਪ-ਭਾਖਾਈ ਹਨ।

ਭਾਈ ਸਾਹਿਬ ਦੀਆਂ ਸਮੁੱਚੀਆਂ ਰਚਨਾਵਾਂ ਦੇ ਅਧਿਐਨ, ਵਿਸ਼ਲੇਸ਼ਣ ਅਤੇ ਮੁਲਾਂਕਣ ਤੋਂ ਬਾਅਦ ਜਦੋਂ ਪੰਜਾਬੀ ਸਾਹਿਤ ਵਿਚ ਆਪ ਦਾ ਸਥਾਨ ਨਿਰਧਾਰਤ ਕਰਨ ਲਈ ਸੰਪੂਰਨ ਗੁਰਮਤ ਸਾਹਿਤ ਨੂੰ ਦ੍ਰਿਸ਼ਟੀਗੋਚਰ ਕਰਦੇ ਹਾਂ ਤਾਂ ਇਸ ਸਿੱਟੇ ਤੇ ਪੁੱਜਦੇ ਹਾਂ ਕਿ ਆਪ ਨੂੰ ਆਧੁਨਿਕ ਕਾਲ ਦਾ ਭਾਈ ਗੁਰਦਾਸ ਅਤੇ ਭਾਈ ਮਨੀ ਸਿੰਘ ਕਿਹਾ ਜਾ ਸਕਦਾ ਹੈ।

ਵਿਸ਼ੇਸ਼ ਰੂਪ ਵਿਚ ਭਾਈ ਸਾਹਿਬ ਪਰਿਵਰਤਨ ਕਾਲ ਦੀ ਪੰਜਾਬੀ ਵਾਰਤਕ ਦੇ ਉੱਘੇ ਲੇਖਕ ਵਜੋਂ ਸਾਹਮਣੇ ਆਉਂਦੇ ਹਨ। ਵਿਵੇਕਵਾਦੀ ਦ੍ਰਿਸ਼ਟੀਕੋਣ, ਤਾਰਕਿਕ ਲਿਖਣ-ਢੰਗ, ਹਲਕਾ ਜਿਹਾ ਹਾਸ-ਰਸ, ਲਿਖਣ ਦੀ ਸਾਦਗੀ, ਸ਼ਬਦਾਂ ਦੀ ਉਚਿਤ ਤੇ ਸੰਜਮਮਯ ਵਰਤੋਂ ਬੁੱਧੀ ਤੇ ਭਾਵ ਦੋਹਾਂ ਨੂੰ ਤ੍ਰਿਪਤਾਉਂਦੀ ਲੈਅ, ਭਾਈ ਸਾਹਿਬ ਦੀ ਵਾਰਤਕ ਦੇ ਪ੍ਰਮੁੱਖ ਲੱਛਣ ਕਹੇ ਜਾ ਸਕਦੇ ਹਨ। ਇਹ ਉਹ ਵਾਰਤਕ ਹੈ ਜਿਸ ਤੋਂ ਅੱਜ ਵੀ ਵਿਦਿਆਰਥੀ, ਖੋਜੀ ਅਤੇ ਸਾਧਾਰਨ ਪਾਠਕ ਬਹੁਤ ਕੁਝ ਸਿੱਖਦੇ ਹਨ। ਭਾਈ ਕਾਨ੍ਹ ਸਿੰਘ, ਪੰਜਾਬੀ ਦੇ ਅਜੋਕੇ ਦੌਰ ਦਾ ਆਧਾਰ ਅਤੇ ਬੀਤੀ ਸਦੀ (ਵੀਹਵੀਂ ਸਦੀ) ਦੇ ਪਹਿਲੇ ਚਾਰ ਦਹਾਕਿਆਂ ਦੇ ਪੰਜਾਬੀ ਸਾਹਿਤ ਦਾ ਮੂੰਹ-ਮੁਹਾਂਦਰਾ ਘੜਨ ਵਾਲਾ ਸਾਹਿਤਕਰ ਹੈ। ਭਾਈ ਸਾਹਿਬ ਪ੍ਰਤੀ ਇਕ ਭੁਲੇਖਾ ਇਹ ਵੀ ਹੈ ਕਿ ਉਹ ਨਿਰੋਲ ਸੰਪਰਦਾਈ ਵਿਚਾਰਾਂ ਦੇ ਧਾਰਨੀ ਸਨ ਅਤੇ ਉਨ੍ਹਾਂ ਦਾ ਖੇਤਰ ਕੇਵਲ ਸਿੱਖ ਆਦਰਸ਼ਾਂ ਤੱਕ ਹੀ ਸੀਮਤ ਸੀ। ਇਸ ਵਿਚ ਕੋਈ ਸੰਦੇਹ ਨਹੀਂ ਕਿ ਉਹ ਆਪਣੇ ਬਹੁਤ ਸਾਰੇ ਦ੍ਰਿਸ਼ਟੀਕੋਣ ਆਧੁਨਿਕ, ਤਰਕਸ਼ੀਲ ਤੇ ਵਿਗਿਆਨਕ ਹੈ।

ਭਾਈ ਸਾਹਿਬ ਨੇ ਸਿੱਖ ਕੰਨਿਆ ਮਹਾਂਵਿਦਿਆਲਾ ਫਿਰੋਜ਼ਪੁਰ ਵੱਲੋਂ 1931 ਈ. ਵਿਚ ਮਾਣ-ਪੱਤਰ ਅਤੇ 1932 ਈ. ਵਿਚ ਸਰਕਾਰ ਵਲੋਂ ‘ਸਰਦਾਰ ਬਹਾਦੁਰ’ ਦਾ ਖਿਤਾਬ ਮਿਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੀ ਧਾਰਮਿਕ ਸਲਾਹਕਾਰ ਕਮੇਟੀ ਦੇ 1933 ਈ. ਵਿਚ ਮੈਂਬਰ ਨਿਯੁਕਤ ਹੋਏ ਅਤੇ 1934 ਈ. ਵਿਚ ਸਿੱਖਾਂ ਨੂੰ ਸਰਕਾਰੀ ਨੌਕਰੀਆਂ ਵਿਚ ਹੱਕ ਦਿਵਾਉਣ ਲਈ ਡੈਪੂਟੇਸ਼ਨ ਦੀ ਅਗਵਾਈ ਕਰਦੇ ਹੋਏ, ਸਰਕਾਰ ਦੇ ਹੋਮ ਮੈਂਬਰ ਕੋਲ ਗਏ। ਯੰਗਮੈਨ ਐਸੋਸੀਏਸ਼ਨ ਸ਼ਿਮਲਾ ਦੀ ਸਥਾਪਨ 1933 ਈ. ਵਿਚ ਕੀਤੀ ਅਤੇ ਆਪਣੇ ਜੀਵਨ ਦੇ ਅੰਤ ਤਕ ਇਸ ਦੀ ਅਗਵਾਈ ਕਰਦੇ ਰਹੇ। 28 ਨਵੰਬਰ 1938 ਈ. ਨੂੰ 77 ਸਾਲ ਦੀ ਉਮਰ ਵਿਚ ਦਿਲ ਦੀ ਧੜਕਣ ਬੰਦ ਹੋਣ ਨਾਲ ਨਾਭੇ ਵਿਖੇ ਭਾਈ ਸਾਹਿਬ ਦਾ ਦਿਹਾਂਤ ਹੋਇਆ।


ਰਵਿੰਦਰ ਕੌਰ ‘ਰਵੀ’
ਲੈਕਚਰਾਰ, ਸੰਗੀਤ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।
Educated people are honoured in this world,and illiterate ones are disrespected.Their is no power equivalent to knowledge and everyone has to bow before it.As long as india remained a centre of learning,outsiders came here as students to acquire knowldge and regarded India as a teacher,but when it diverted from education,it lost its prestige and became dependent on others." Bhai Kahan Singh Nabha,4 April 1931
Home | Publications Vanshavali | Contact us

Copyright © 2010 Hari Vrijesh Cultural Foundation. All rights reserved.